ਜੰਮੂ: ਜੰਮੂ-ਕਸ਼ਮੀਰ ਵਿੱਚ ਢਿੱਲ ਆਉਂਦਿਆਂ ਹੀ ਬਾਗੀ ਸੁਰਾਂ ਸਾਹਮਣੇ ਆਉਣ ਲੱਗੀਆਂ ਹਨ। ਕਸ਼ਮੀਰੀਆਂ ਨੇ ਸੇਬਾਂ 'ਤੇ ਸਖ਼ਤ ਸੁਨੇਹਾ ਲਿਖ ਕੇ ਭੇਜਿਆ ਹੈ। ਕਸ਼ਮੀਰੀ ਸੇਬਾਂ ਦੇ ਡੱਬਿਆਂ ’ਤੇ ‘ਹਮੇਂ ਆਜ਼ਾਦੀ ਚਾਹੀਏ’, ‘ਮੁਝੇ ਬੁਰਹਾਨ ਵਾਨੀ ਪਸੰਦ ਹੈ’ ਤੇ ‘ਜ਼ਾਕਿਰ ਮੂਸਾ ਵਾਪਸ ਆਓ’ ਜਿਹੇ ਸੁਨੇਹੇ ਲਿਖੇ ਹੋਏ ਹਨ। ਦਰਅਸਲ ਕਠੂਆ ਜ਼ਿਲ੍ਹੇ ਵਿੱਚ ਫ਼ਲ ਵਪਾਰੀਆਂ ਵੱਲੋਂ ਕਸ਼ਮੀਰੀ ਸੇਬਾਂ ਦੇ ਡੱਬੇ ਖਰੀਦੇ ਗਏ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਫ਼ਲ ਵਪਾਰੀਆਂ ਦਾ ਕਹਿਣਾ ਹੈ ਕਿ ਜੇ ਸਰਕਾਰ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਤਾਂ ਉਹ ਕਸ਼ਮੀਰੀ ਸੇਬ ਦੀ ਖ਼ਰੀਦ ਦਾ ਬਾਈਕਾਟ ਕਰਨਗੇ ਕਿਉਂਕਿ ਇਨ੍ਹਾਂ ਸੁਨੇਹਿਆਂ ਕਾਰਨ ਲੋਕ ਇਨ੍ਹਾਂ ਨੂੰ ਖ਼ਰੀਦਣ ਤੋਂ ਇਨਕਾਰ ਕਰ ਰਹੇ ਹਨ। ਵਪਾਰੀਆਂ ਨੇ ਜਦ ਇੱਥੇ ਥੋਕ ਬਜ਼ਾਰ ਵਿੱਚੋਂ ਖ਼ਰੀਦੇ ਗਏ ਸੇਬ ਦੇ ਡੱਬੇ ਖੋਲ੍ਹੇ ਤਾਂ ਸੇਬਾਂ ’ਤੇ ਕਾਲੀ ਸਿਆਹੀ ਨਾਲ ਇਹ ਸੁਨੇਹੇ ਲਿਖੇ ਹੋਏ ਮਿਲੇ।

ਕਠੂਆ ਥੋਕ ਬਾਜ਼ਾਰ ਦੇ ਪ੍ਰਧਾਨ ਰੋਹਿਤ ਗੁਪਤਾ ਦੀ ਅਗਵਾਈ ਵਿੱਚ ਫ਼ਲ ਵਪਾਰੀਆਂ ਨੇ ਇੱਥੇ ਪ੍ਰਦਰਸ਼ਨ ਕੀਤਾ ਤੇ ਪਾਕਿਸਤਾਨ ਤੇ ਅਤਿਵਾਦ ਵਿਰੋਧੀ ਨਾਅਰੇ ਲਾਏ। ਗੁਪਤਾ ਨੇ ਕਿਹਾ ਕਿ ਇਹ ਡੱਬੇ ਕਸ਼ਮੀਰ ਤੋਂ ਆਏ ਸਨ ਤੇ ਸੁਨੇਹੇ ਅੰਗਰੇਜ਼ੀ ਤੇ ਉਰਦੂ ਵਿੱਚ ਲਿਖੇ ਸਨ। ਉਨ੍ਹਾਂ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਫ਼ਲ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਜਾਂਚ ਸ਼ੁਰੂ ਕਰ ਦਿੱਤੀ। ਸੇਬਾਂ ’ਤੇ ‘ਭਾਰਤ ਵਾਪਸ ਜਾਓ-ਭਾਰਤ ਵਾਪਸ ਜਾਓ’, ‘ਮੇਰੀ ਜਾਨ ਇਮਰਾਨ ਖ਼ਾਨ’ ਤੇ ‘ਪਾਕਿਸਤਾਨ-ਪਾਕਿਸਤਾਨ’ ਜਿਹੇ ਸੁਨੇਹੇ ਵੀ ਲਿਖੇ ਹੋਏ ਸਨ।