ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !
ਏਬੀਪੀ ਸਾਂਝਾ | 20 Apr 2018 10:03 AM (IST)
ਚੰਡੀਗੜ੍ਹ: ਕਠੁਆ ਬਲਾਤਕਾਰ ਮਾਮਲੇ ਸਬੰਧੀ ABP ਨਿਊਜ਼ ਨੇ ਇੱਕ ਵੱਡਾ ਖ਼ੁਲਾਸਾ ਕੀਤਾ ਹੈ। ਪੜਤਾਲ ਵਿੱਚ ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਫ਼ਿਰਕੂ ਰੰਗ ਦੇ ਕੇ ਪਾਕਿਸਤਾਨੀ ਅੱਤਵਾਦੀ ਅਤੇ 26/11 ਹਮਲੇ ਦਾ ਮਾਸਟਰਮਾਈਂਡ ਹਾਫ਼ਿਸ ਸਈਦ ਕਸ਼ਮੀਰ ਵਿੱਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਵੱਲੋਂ 9255 ਨੰਬਰ ਵਾਲੇ 124 ਵਟਸਐਪ ਗਰੁੱਪ ਦੀ ਮਦਦ ਨਾਲ ਕਸ਼ਮੀਰ ਵਿੱਚ ਪੱਥਰਬਾਜ਼ੀ ਕਰਵਾਈ ਜਾ ਰਹੀ ਹੈ। ਇਨ੍ਹਾਂ ਗਰੁੱਪ ਵਿੱਚ ਉਹ ਭਾਰਤ ਵਿਰੋਧੀ ਟੈਕਸਟ ਤੇ ਵੀਡੀਓ ਲੋਕਾਂ ਤਕ ਪਹੁੰਚਾ ਰਿਹਾ ਹੈ। ਇਹ ਸਭ ਵੀਰਵਾਰ ਵੇਖਣ ਨੂੰ ਮਿਲਿਆ। ਕਠੁਆ ਵਿੱਚ 8 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਪਿੱਛੋਂ ਕਸ਼ਮੀਰ ਦੇ ਬਾਰਾਮੁੱਲਾ ਤੇ ਦੱਖਣ ਕਸ਼ਮੀਰ ਦੇ ਸ਼ੋਪਿਆਂ ਜ਼ਿਲ੍ਹੇ ਵਿੱਚ ਵੱਡੇ ਰੋਸ ਪ੍ਰਦਰਸ਼ਨ ਹੋਏ। ਇਸ ਦੌਰਾਨ ਲੋਕ ਸੜਕਾਂ ’ਤੇ ਆ ਗਏ ਤੇ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ਵਿੱਚ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲ਼ੇ ਵਰ੍ਹਾਏ। ਪ੍ਰਸ਼ਾਸਨ ਵੱਲੋਂ ਸ੍ਰੀਨਗਰ, ਗੰਦਰਬਾਲ, ਪੁਲਵਾਮਾ, ਕੁਲਗਾਮ, ਸ਼ੋਪਿਆਂ ਤੇ ਅਨੰਤਨਾਗ ਜ਼ਿਲ੍ਹਿਆਂ ਦੇ ਕਈ ਸਥਾਨਾਂ ਵਿਦਿਅਕ ਅਦਾਰੇ ਬੰਦ ਕਰਨ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਹੋਇਆ।