ਪਾਣੀਪਤ: ਕ੍ਰਿਸ਼ਨਾ ਕਾਲੋਨੀ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਮੁਲਾਜ਼ਮ ਦੀ ਪਤਨੀ ਫਰਾਰ ਹੈ। ਪੁਲਿਸ ਅਤੇ ਐਫਐਸਐਲ ਟੀਮ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪਰਿਵਾਰ ਨੇ ਮੁਲਾਜ਼ਮ ਦੀ ਪਤਨੀ ’ਤੇ ਉਸ ਦੇ ਕਤਲ ਦੇ ਇਲਜ਼ਾਮ ਲਾਏ ਹਨ। ਦੱਸਿਆ ਜਾਂਦਾ ਹੈ ਕਿ ਹੱਥ-ਪੈਰ ਬੰਨ੍ਹ ਕੇ ਮੁਲਾਜ਼ਮ ਦਾ ਕਤਲ ਕੀਤਾ ਗਿਆ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਵਾਸੀ ਮੋਹਨਗੜ੍ਹ, ਜੀਂਦ ਦੋ ਦਿਨ ਪਹਿਲਾਂ ਹੀ ਆਪਣੀ ਪਤਨੀ ਤੇ ਛੋਟੀ ਬੱਚੀ ਨਾਲ ਕ੍ਰਿਸ਼ਨਾ ਕਲੋਨੀ ਵਿੱਚ ਕਿਰਾਏ ’ਤੇ ਰਹਿਣ ਲਈ ਆਇਆ ਸੀ। ਮਕਾਨ ਮਾਲਕ ਨੇ ਦੱਸਿਆ ਕਿ ਰਾਤ ਦੇ ਕਰੀਬ ਸਾਢੇ 10 ਵਜੇ ਉਸ ਦੀ ਪਤਨੀ ਕੁੜੀ ਦੀ ਸਿਹਤ ਢਿੱਲੀ ਹੋਣ ਕਰਕੇ ਦਵਾਈ ਲੈਣ ਜਾਣ ਦੀ ਗੱਲ ਕਹਿ ਕੇ ਮਕਾਨ ਤੋਂ ਬਾਹਰ ਚਲੀ ਗਈ ਤੇ ਉਸ ਨੂੰ ਕੁੰਡੀ ਲਾਉਣ ਲਈ ਕਿਹਾ। ਇਸ ਦੇ ਬਾਅਦ ਉਹ ਕੁੰਡੀ ਲਾ ਕੇ ਅੰਦਰ ਚਲਾ ਗਿਆ।
ਸਵੇਰੇ ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਕੱਪੜੇ ਟੰਗਣ ਵਾਲੀ ਰੱਸੀ ਗਾਇਬ ਹੈ। ਇਸ ਪਿੱਛੋਂ ਉਸ ਨੇ ਖਿੜਕੀ ਜ਼ਰੀਏ ਦਿਲਬਾਗ ਦੇ ਕਮਰੇ ਅੰਦਰ ਵੇਖਿਆ ਤਾਂ ਪਤਾ ਲੱਗਾ ਕਿ ਉਸ ਦੇ ਹੱਥ-ਪੈਰ ਉਸ ਰੱਸੀ ਨਾਲ ਬੰਨ੍ਹੇ ਹੋਏ ਸੀ ਤੇ ਮਰਿਆ ਪਿਆ ਸੀ। ਫਿਰ ਉਸ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਉਸ ਦੀ ਪਤਨੀ ਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ ਕਿਉਂਕਿ ਲਾਸ਼ ਨੂੰ ਵੇਖ ਕੇ ਲੱਗਦਾ ਹੈ ਕਿ ਕਤਲ ਇੱਕ ਤੋਂ ਵੱਧ ਲੋਕਾਂ ਨੇ ਮਿਲ ਕੇ ਕੀਤਾ ਸੀ।