ਨਵੀਂ ਦਿੱਲੀ: ਪਨਾਮਾ ਪੇਪਰ ਲੀਕ ਤੋਂ ਬਾਅਦ ਇਸ ਵਾਰ ਪੈਰਾਡਾਈਜ਼ ਪੇਪਰਜ਼ ਨੇ ਦੇਸ਼ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਜਿੱਦਾਂ ਹੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੰਤ ਸਿਨ੍ਹਾਂ ਦਾ ਨਾਮ ਸੂਚੀ ਵਿੱਚ ਆਇਆ, ਚੁਫੇਰੇ ਸਨਸਨੀ ਮੱਚ ਗਈ। ਇੰਡੀਅਨ ਐਕਸਪ੍ਰੈੱਸ ਦੇ ਖੁਲਾਸੇ ਅਨੁਸਾਰ ਜਯੰਤ ਸਿਨ੍ਹਾਂ ਕੇਂਦਰ ਵਿੱਚ ਮੰਤਰੀ ਬਣਨ ਤੋਂ ਪਹਿਲਾਂ ਓਮਿਧਾਰ ਨੈੱਟਵਰਕ ਨਾਲ ਕੰਮ ਕਰਦੇ ਸੀ। ਉਹ ਉੱਥੇ ਮੈਨੇਜਿੰਗ ਐਡੀਟਰ ਦੇ ਅਹੁਦੇ 'ਤੇ ਸੀ। ਓਮਿਧਾਰ ਨੈੱਟਵਰਕ ਨੇ ਅਮਰੀਕੀ ਕੰਪਨੀ ਡੀ ਲਾਈਟ ਡਿਜ਼ਾਈਨ ਵਿੱਚ ਨਿਵੇਸ਼ ਕੀਤਾ ਸੀ, ਜੋ ਕੇਮੈਨ ਆਈਸਲੈਂਡ ਦੀ ਸਹਿਯੋਗੀ ਕੰਪਨੀ ਹੈ।


ਵਿਦੇਸ਼ੀ ਲੀਗਲ ਫਰਮ ਅਪੇਲਬੀ ਅਨੁਸਾਰ ਜਯੰਤ ਸਿਨ੍ਹਾ ਡੀ ਲਾਈਟ ਡਿਜ਼ਾਇਨ ਕੰਪਨੀ ਦੇ ਡਾਇਰੈਕਟਰ ਸਨ। ਇਸ ਬਾਰੇ ਉਨ੍ਹਾਂ ਨੇ ਚੋਣਾਂ ਦੌਰਾਨ ਆਪਣੇ ਹਲਫਨਾਮੇ ਵਿੱਚ ਜ਼ਿਕਰ ਨਹੀਂ ਕੀਤਾ। ਜਯੰਤ ਨੇ ਇਸ ਗੱਲ ਦੀ ਜਾਣਕਾਰੀ ਨਾ ਤਾਂ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੀ ਤੇ ਨਾ ਹੀ ਪ੍ਰਧਾਨ ਮੰਤਰੀ ਦਫਤਰ ਨੂੰ ਇਸ ਬਾਰੇ ਦੱਸਿਆ। ਬਲਕਿ ਉਨ੍ਹਾਂ ਨੇ ਇਸ ਬਾਰੇ ਲੋਕ ਸਭਾ ਦੇ ਸਕੱਤਰੇਤ ਨੂੰ ਵੀ ਸੂਚਿਤ ਨਹੀਂ ਕੀਤਾ। ਤੁਹਾਨੂੰ ਦੱਸ ਦਈਏ ਕਿ ਪੈਰਾਡਾਇਜ਼ ਪੇਪਰਸ ਨੂੰ ਅੰਤਰਾਸ਼ਟਰੀ ਪੱਤਰਕਾਰਾਂ ਦੀ ਸੰਸਥਾ ਆਈ.ਸੀ.ਜੇ. ਨੇ ਦੁਨੀਆ ਦੇ ਸਾਹਮਣੇ ਰੱਖਿਆ ਹੈ।

'ਇੰਡੀਅਨ ਐਕਸਪ੍ਰੈੱਸ' ਦੀ ਰਿਪੋਰਟ ਅਨੁਸਾਰ ਡੀ ਲਾਈਟ ਡਿਜ਼ਾਇਨ ਕੰਪਨੀ ਦਾ ਨਿਰਮਾਣ 2006 ਵਿੱਚ ਹੋਇਆ ਸੀ। ਇਸ ਨੂੰ ਸੈਨ ਫਰਾਂਸਿਸਕੋ, ਕੈਲੀਫੋਰਨੀਆ ਵਿੱਚ ਸ਼ੁਰੂ ਕੀਤਾ ਗਿਆ, ਜਿਸ ਦੀ ਇੱਕ ਸ਼ਾਖਾ ਕੇਮੈਨ ਆਇਸਲੈਂਡ ਵਿੱਚ ਵੀ ਹੈ। ਜਯੰਤ ਸਿਨ੍ਹਾ ਇਸ ਕੰਪਨੀ ਦਾ ਹਿੱਸਾ ਸਤੰਬਰ 2009 ਵਿੱਚ ਬਣੇ, ਜਦ ਓਮਿਧਾਰ ਨੈੱਟਵਰਕ ਨੇ ਡੀ ਲਾਈਟ ਡਿਜ਼ਾਇਨ ਵਿੱਚ ਨਿਵੇਸ਼ ਕੀਤਾ। ਓਮਿਧਾਰ ਨੈੱਟਵਰਕ ਨੇ ਕੇਮੈਨ ਆਇਸਲੈਂਡ ਤੋਂ 3 ਮਿਲੀਅਨ ਯੂ.ਐਸ. ਡਾਲਰ ਦਾ ਕਰਜ਼ ਲਿਆ ਸੀ। ਦਸਤਾਵੇਜ਼ ਦੇ ਅਨੁਸਾਰ ਲੋਨ ਐਗਰੀਮੈਂਟ ਜਿਸ ਨੂੰ 31 ਦਸੰਬਰ, 2012 ਵਿੱਚ ਕੀਤਾ ਗਿਆ ਸੀ, ਉਸ ਵੇਲੇ ਸਿਨ੍ਹਾਂ ਕੰਪਨੀ ਦੇ ਡਾਇਰੈਕਟਰ ਸਨ।

ਉਧਰ, ਇਸ ਪੂਰੇ ਖੁਲਾਸੇ 'ਤੇ ਜਯੰਤ ਸਿਨ੍ਹਾ ਦਾ ਕਹਿਣਾ ਹੈ ਕਿ ਮੈਂ ਇੰਡੀਅਨ ਐਕਸਪ੍ਰੈਸ ਨੂੰ ਇਸ ਬਾਬਤ ਪੂਰੀ ਜਾਣਕਾਰੀ ਦਿੱਤੀ ਹੈ ਕਿ ਸਾਰੇ ਲੈਣ-ਦੇਣ ਕਾਨੂੰਨੀ ਸਨ। ਜਿਸ ਵੇਲੇ ਮੈਂ ਕੰਪਨੀ ਵਿੱਚ ਕੰਮ ਕਰਦਾ ਸੀ, ਉਸ ਵੇਲੇ ਇਸ ਟ੍ਰਾਂਜ਼ੈਕਸ਼ਨ ਨੂੰ ਮੰਨੀ-ਪ੍ਰਮੰਨੀ ਤੇ ਵਿਸ਼ਵ ਦੀ ਨਾਮੀ ਸੰਸਥਾ ਨਾਲ ਕੀਤਾ ਗਿਆ ਸੀ। ਇਨ੍ਹਾਂ ਸਾਰੀਆਂ ਟ੍ਰਾਂਜ਼ੈਕਸ਼ਨ ਦੀ ਜਾਣਕਾਰੀ ਇਸ ਨਾਲ ਸਬੰਧਤ ਵਿਭਾਗਾਂ ਨੂੰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸਾਰੇ ਜ਼ਰੂਰੀ ਨਿਯਮਾਂ ਦਾ ਵੀ ਪਾਲਣ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਜਦ ਮੈਂ ਓਮਿਧਾਰ ਨੈੱਟਵਰਕ ਨੂੰ ਛੱਡਿਆ ਤਾਂ ਮੇਰੇ ਕੋਲੋਂ ਡੀ ਲਾਈਟ ਬੋਰਡ ਦੇ ਸਵਤੰਤਰ ਨਿਦੇਸ਼ਕ ਵਜੋਂ ਕੰਮ ਕਰਨ ਲਈ ਕਿਹਾ ਗਿਆ ਸੀ ਪਰ ਕੇਂਦਰ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਮੈਂ ਡੀ ਲਾਈਟ ਦੇ ਬੋਰਡ ਤੇ ਤਮਾਮ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਡੀ ਲਾਈਟ ਨਾਲ ਓਮਿਧਾਰ ਵੱਲੋਂ ਜੋ ਨਿਵੇਸ਼ ਕੀਤਾ ਗਿਆ, ਉਹ ਨਿੱਜੀ ਤੌਰ 'ਤੇ ਨਹੀਂ ਕੀਤਾ ਗਿਆ ਸੀ ਬਲਕਿ ਇਹ ਕੰਪਨੀ ਦੇ ਪ੍ਰਤੀਨਿਧੀ ਦੇ ਤੌਰ ਦੇ ਮੈਂ ਕੀਤਾ ਸੀ।