ਨਵੀਂ ਦਿੱਲੀ: ਪ੍ਰਸਿੱਧ ਅਦਾਕਾਰ ਕਮਲ ਹਾਸਨ ਦੇ ਹਿੰਦੂ ਅੱਤਵਾਦ ਵਾਲੇ ਬਿਆਨ 'ਤੇ ਪੂਰੇ ਦੇਸ਼ ਵਿੱਚ ਘਮਾਸਾਨ ਮੱਚਿਆ ਹੋਇਆ ਹੈ। ਕੋਈ ਉਨ੍ਹਾਂ ਦੇ ਬਿਆਨ ਦੇ ਸਮਰਥਨ ਵਿੱਚ ਖੜ੍ਹਾ ਹੈ ਤੇ ਕੋਈ ਹਾਸਨ ਖਿਲਾਫ ਖੜ੍ਹਾ ਨਜ਼ਰ ਆ ਰਿਹਾ ਹੈ। ਇਸੇ ਹੀ ਕੜੀ ਵਿੱਚ ਨਵਾਂ ਨਾਮ ਅਖਿਲ ਭਾਰਤੀ ਹਿੰਦੂ ਮਹਾਸਭਾ ਦਾ ਜੁੜਿਆ ਹੈ, ਜਿਸ ਨੇ ਹਾਸਨ ਦੇ ਬਿਆਨ 'ਤੇ ਕਰੜਾ ਵਿਰੋਧ ਦਰਜ ਕਰਵਾਇਆ ਹੈ। ਇੰਨ ਹੀ ਨਹੀਂ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਅਸ਼ੋਕ ਸ਼ਰਮਾ ਨੇ ਤਾਂ ਹਾਸਨ ਨੂੰ ਚੌਹਾਰੇ ਵਿੱਚ ਗੋਲੀ ਮਾਰਨ ਤੱਕ ਦੀ ਗੱਲ ਕਹਿ ਦਿੱਤੀ।


ਅਸ਼ੋਕ ਸ਼ਰਮਾ ਨੇ ਕਿਹਾ ਕਿ ਕਮਲ ਹਾਸਨ ਤੇ ਉਨ੍ਹਾਂ ਵਰਗੇ ਬਾਕੀ ਲੋਕਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਜਾਂ ਫਿਰ ਫਾਂਸੀ 'ਤੇ ਲਟਕਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਲੋਕ ਕੁਝ ਸਬਕ ਸਿੱਖ ਸਕਣ। ਕੋਈ ਵੀ ਵਿਅਕਤੀ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲਿਆਂ ਲਈ ਅਪਸ਼ਬਦਾਂ ਦਾ ਇਸਤੇਮਾਲ ਕਰਦਾ ਹੈ, ਉਸ ਨੂੰ ਪਾਵਨ ਧਰਤੀ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਅਪਸ਼ਬਦਾਂ ਬਦਲੇ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਤੁਹਾਨੂੰ ਦੱਸ ਦਈਏ ਕਿ ਹਿੰਦੂ ਅੱਤਵਾਦ 'ਤੇ ਹਾਸਨ ਦਾ ਇਹ ਵਿਵਾਦਤ ਬਿਆਨ ਉਸ ਵੇਲੇ ਆਇਆ ਹੈ ਜਦੋਂ ਰਾਜਨੀਤੀ ਵਿੱਚ ਉਨ੍ਹਾਂ ਦੀ ਐਂਟਰੀ ਦੀਆਂ ਖ਼ਬਰਾਂ ਜ਼ੋਰ-ਸ਼ੋਰ ਨਾਲ ਚਰਚਾ ਵਿੱਚ ਹਨ। ਤਾਮਿਲ ਹਫਤਾਵਾਰੀ ਪੱਤ੍ਰਿਕਾ "ਅਨੰਦਾ ਵਿਕਟਨ" ਵਿੱਚ ਲਿਖੇ ਆਪਣੇ ਲੇਖ ਵਿੱਚ ਹਾਸਨ ਨੇ ਲਿਖਿਆ ਸੀ,"ਰਾਈਟ ਵਿੰਗ ਨੇ ਹੁਣ ਮਸਲ ਪਾਵਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।" ਰਾਈਟ ਵਿੰਗ ਹਿੰਸਾ ਵਿੱਚ ਸ਼ਾਮਲ ਹੈ ਤੇ ਹਿੰਦੂ ਕੈਂਪਾਂ ਵਿੱਚ ਅੱਤਵਾਦ ਦਾਖਲ ਹੋ ਚੁੱਕਾ ਹੈ। ਹਿੰਦੂ ਕੱਟੜਪੰਥੀ ਪਹਿਲਾਂ ਗੱਲਬਾਤ ਵਿੱਚ ਯਕੀਨ ਰੱਖਦੇ ਸੀ ਪਰ ਹੁਣ ਹਿੰਸਾ ਵਿੱਚ ਸ਼ਾਮਲ ਹਨ।