ਚੰਡੀਗੜ੍ਹ: ਜੱਲ੍ਹਿਆਂਵਾਲ ਬਾਗ਼ ਦੇ ਸ਼ਤਾਬਦੀ ਦਿਵਸ ਸਬੰਧੀ ਸਮਾਗਮ ਕਰਾਉਣ ਬਾਰੇ ਕੇਂਦਰੀ ਮੰਤਰੀਆਂ ਦੀ ਬਣਾਈ ਕਮੇਟੀ ਦੀ ਦਿੱਲੀ 'ਚ ਮੀਟਿੰਗ ਹੋਈ। ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਹਾਜ਼ਰੀ ਭਰੀ। ਮੀਟਿੰਗ ਦੇ ਖ਼ਤਮ ਹੋਣ ਬਾਅਦ ਬਾਦਲ ਨੇ ਦੱਸਿਆ ਕਿ ਜੱਲ੍ਹਿਆਂਵਾਲ ਬਾਗ਼ ਦੀ ਸ਼ਤਾਬਦੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਮਨਾਉਣ ਸਬੰਧੀ ਚਰਚਾ ਕੀਤੀ ਗਈ ਹੈ। ਅਗਲੀ ਬੈਠਕ ਵਿੱਚ ਫੰਡ ਸਬੰਧੀ ਚਰਚਾ ਕੀਤੀ ਜਾਏਗੀ।

ਇਸ ਮੌਕੇ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਸਮਾਗਮ ਕਰਾਉਣ ਸਬੰਧੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਆਪਣਾ ਸਹਿਯੋਗ ਦੇਵੇਗੀ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸ਼ਵੇਤ ਮਲਿਕ ਨੇ ਕਿਹਾ ਕਿ ਜੱਲ੍ਹਿਆਂਵਾਲ ਬਾਗ਼ ਦੀ ਮੁਰੰਮਤ ਤੇ ਨਵਾਂ ਲੇਜ਼ਰ ਲਾਈਟ ਸ਼ੋਅ ਸ਼ੁਰੂ ਕੀਤਾ ਜਾਏਗਾ।

ਕਰਤਾਰਪੁਰ ਲਾਂਘੇ ਬਾਰੇ ਬਾਦਲ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਡੇਰਾ ਬਾਬਾ ਨਾਨਕ ਵਿੱਚ ਕਾਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੱਗੀ ਦੂਰਬੀਨ ਨੂੰ ਬਦਲਣ ਸਬੰਧੀ ਗੱਲ ਕੀਤੀ ਹੈ। ਉਨ੍ਹਾਂ ਨਵੀਂ ਦੂਰਬੀਨ ਤੇ ਸਕਰੀਨ ਲਵਾਉਣ ਸਬੰਧੀ ਮੰਗ ਕੀਤੀ ਹੈ ਤਾਂ ਕਿ ਵਧੀਆ ਤਰੀਕੇ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਹੋ ਸਕਣ।

ਨਵਜੋਤ ਸਿੰਘ ਸਿੱਧੂ ਦੇ ਕੇਂਦਰ ਵੱਲੋਂ ਮਦਦ ਨਾ ਦਿੱਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਿੱਧੂ ਆਪਣੀ ਪਤਨੀ ਨੂੰ ਪੁੱਛਣ ਜਿਨ੍ਹਾਂ ਇਹ ਕਿਹਾ ਸੀ ਕਿ ਸਿੱਧੂ ਦੀ ਪਾਰਟੀ ਵਿੱਚ ਬਣਦੀ ਨਹੀਂ। ਕੇਂਦਰੀ ਮੰਤਰੀ ਸ਼ਵੇਤ ਮਲਿਕ ਨੇ ਵੀ ਸਿੱਧੂ ’ਤੇ ਨਿਸ਼ਾਨਾ ਕੱਸਿਆ।