ਚੰਡੀਗੜ੍ਹ: ਹਰਿਆਣਾ ਦੇ ਹਿਸਾਰ 'ਚੋਂ ਥੋੜ੍ਹੀ ਦੂਰੀ ਤੇ ਪਿੰਡ ਸਾਰੰਗਪੁਰ ਦੇ ਨੌਜਵਾਨ ਵਿਕਾਸ ਬਿਸ਼ਨੋਈ ਨੂੰ ਇੰਡੀਗੋ ਏਅਰਲਾਈਨ ਵਿੱਚ ਪਾਇਲਟ ਦੀ ਨੌਕਰੀ ਮਿਲੀ ਹੈ। ਨੌਕਰੀ ਮਿਲਣ 'ਤੇ ਇਸ ਨੌਜਵਾਨ ਨੇ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਵਿਕਾਸ ਨੇ ਆਪਣੇ ਪਿੰਡ ਦੇ 23 ਬਜ਼ੁਰਗਾਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੀ ਹਵਾਈ ਸੈਰ ਕਰਵਾਈ।
'ਬੀਬੀਸੀ ਪੰਜਾਬੀ' ਦੀ ਖ਼ਬਰ ਮੁਤਾਬਕ ਇਨ੍ਹਾਂ ਲੋਕਾਂ ਨੇ ਕਦੇ ਪਿੰਡ ਤੋਂ ਬਾਹਰ ਕਦਮ ਨਹੀਂ ਰੱਖਿਆ ਸੀ। ਵਿਕਾਸ ਨੇ ਇਨ੍ਹਾਂ ਨੂੰ ਹਰਿਮੰਦਰ ਸਾਹਿਬ, ਵਾਹਘਾ ਬਾਰਡਰ ਤੇ ਜੱਲਿਆਂਵਾਲਾ ਬਾਗ ਦਿਖਾਉਣ ਲਈ ਸੈਰ ਕਰਵਾਈ। ਜਹਾਜ਼ ਦੀ ਸੈਰ ਕਰਨ ਵਾਲੇ ਕੁਝ ਬਜ਼ੁਰਗਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਨਵੀਂ ਦੁਨੀਆਂ ਦੇਖ ਲਈ ਹੈ।
ਜਹਾਜ਼ ਦੀ ਸੈਰ ਕਰਨ ਵਾਲੀਆਂ ਬਜ਼ੁਰਗ ਔਰਤਾਂ ਨੇ ਕਿਹਾ ਕਿ ,"ਅਸੀਂ ਤਾਂ ਘਰ, ਖੇਤ, ਮੱਝਾਂ ਹੀ ਦੇਖੀਆਂ ਸਨ। ਹੁਣ ਹਵਾਈ ਜਹਾਜ਼, ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ, ਵਾਘਾ ਬਾਰਡਰ ਦੇਖ ਲੱਗਿਆ ਕਿ ਦੂਸਰੀ ਦੁਨੀਆਂ ਵਿੱਚ ਆ ਗਏ ਹਾਂ।"
ਹਵਾਈ ਯਾਤਰਾ ਦਾ ਖਰਚ ਕੀਤਾ ਵਿਕਾਸ ਨੇ
ਪਿੰਡ ਦੇ ਬਜ਼ੁਰਗਾਂ ਦੀ ਇਸ ਹਵਾਈ ਯਾਤਰਾ ਦਾ ਖ਼ਰਚਾ ਵਿਕਾਸ ਬਿਸ਼ਨੋਈ ਨੇ ਖੁਦ ਕੀਤਾ ਹੈ। ਉਹ ਜਦੋਂ 2010 ਵਿੱਚ ਪੇਸ਼ੇਵਰ ਪਾਇਲਟ ਦਾ ਕੋਰਸ ਕਰਕੇ ਅਮਰੀਕਾ ਤੋਂ ਪਰਤਿਆਂ ਉਦੋਂ ਤੋਂ ਇਹ ਵਿਚਾਰ ਉਸ ਦੇ ਮਨ ਵਿੱਚ ਸਨ। ਸਸਤੀਆਂ ਟਿਕਟਾਂ ਹਾਸਲ ਕਰਨ ਲਈ ਵਿਕਾਸ ਨੇ 40 ਦਿਨ ਪਹਿਲਾਂ ਟਿਕਟਾਂ ਖ਼ਰੀਦੀਆਂ ਸਨ। ਵਿਕਾਸ ਦੇ ਪਿਤਾ ਮਹਿੰਦਰ ਬਿਸ਼ਨੋਈ ਹਿਸਾਰ ਵਿੱਚ ਬੈਂਕ ਮੈਨੇਜਰ ਹਨ।
ਵਿਕਾਸ ਨੇ ਦੱਸਿਆ ਕਿ ਜਦੋਂ ਤਿੰਨ ਦਹਾਕੇ ਪਹਿਲਾਂ ਉਸ ਦੇ ਪਿਤਾ ਨੂੰ ਨੌਕਰੀ ਮਿਲੀ ਸੀ ਤਾਂ ਉਸ ਦੇ ਪਿਤਾ ਪਿੰਡ ਦੇ ਬਜ਼ੁਰਗਾਂ ਨੂੰ ਬੱਸ ਰਾਹੀਂ ਧਾਰਮਿਕ ਯਾਤਰਾ ਤੇ ਲੈ ਕੇ ਗਏ ਸਨ। ਵਿਕਾਸ ਦੇ ਇਸ ਕੰਮ ਨਾਲ ਉਸ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਇੱਕ ਮਹੀਨਾ ਪਹਿਲਾਂ ਭਾਰੀ ਮੀਂਹ ਵਿੱਚ ਬਾਜਰੇ ਅਤੇ ਕਪਾਹ ਦੀ ਖੜ੍ਹੀ ਫਸਲ ਤਬਾਹ ਹੋ ਜਾਣ ਕਰਕੇ ਗਮ ਦੀ ਲਹਿਰ ਸੀ।