ਨਵੀਂ ਦਿੱਲੀ: ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਹੀ ਕਮਰ ਕੱਸ ਲਈ ਹੈ। ਬੀਜੇਪੀ ਨੂੰ ਚੁਣੌਤੀ ਦੇਣ ਲਈ ਵਿਰੋਧੀ ਪਾਰਟੀਆਂ ਗਠਜੋੜ ਦੀਆਂ ਜੁਗਤਾਂ 'ਚ ਜੁਟੀਆਂ ਹਨ। ਇਸ ਦਰਮਿਆਨ ਯੋਗ ਗੁਰੂ ਰਾਮਦੇਵ ਨੇ ਖੁਦ ਨੂੰ ਸਰਬ ਦਲ ਤੇ ਨਿਰਦਲ ਦੱਸਿਆ ਹੈ। ਰਾਮਦੇਵ ਨੇ ਕਬੀਰ ਦਾ ਦੋਹਾ ਦੁਹਰਾਉਂਦਿਆਂ ਕਿਹਾ "ਮਨ ਲਾਗੋ ਮੇਰੋ ਯਾਰ ਫਕੀਰੀ ਮੇਂ, ਮਨ ਲਾਗੋ ਮੇਰੋ ਯਾਰ ਫਕੀਰੀ ਮੇਂ, ਮਨਡੋ ਲਾਗੋ ਮਨਡੋ ਲਾਗੋ, ਮਨ ਲਾਗੋ ਮੇਰਾ ਯਾਰ ਫਕੀਰੀ ਮੇਂ"।
ਇਸ ਤੋਂ ਪਹਿਲਾਂ 2014 ਲੋਕ ਸਭਾ ਚੋਣਾਂ 'ਚ ਰਾਮਦੇਵ ਨੇ ਭਾਰਤੀ ਜਨਤਾ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਉਨ੍ਹਾਂ ਥਾਂ-ਥਾਂ ਰੈਲੀਆਂ ਕਰਕੇ ਨਰੇਂਦਰ ਮੋਦੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ। ਇਸ ਵਾਰ ਉਨ੍ਹਾਂ ਦੇ ਤੇਵਰ ਬਦਲੇ ਨਜ਼ਰ ਆ ਰਹੇ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫ ਕਰਦਿਆਂ ਖੁਦ ਨੂੰ ਨਿਰਦਲ ਤੇ ਸਰਬ ਦਲ ਦੱਸ ਕੇ 2019 ਲੋਕ ਸਭਾ ਚੋਣਾਂ 'ਚ ਕਿਸੇ ਵੀ ਦਲ ਨੂੰ ਸਮਰਥਨ ਨਾ ਦੇਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਰਾਮਦੇਵ ਖੁਦ ਨੂੰ ਸਮਾਜਵਾਦ ਦਾ ਸਮਰਥਕ ਤੇ ਕਮਿਊਨਿਜ਼ਮ ਦਾ ਵਿਰੋਧੀ ਦੱਸ ਰਹੇ ਹਨ।
ਰਾਮਦੇਵ ਨੇ ਕਿਹਾ, "ਮੈਂ 2019 'ਚ ਮੋਦੀ ਸਰਕਾਰ ਦਾ ਪ੍ਰਚਾਰ ਨਹੀਂ ਕਰੂੰਗਾ।" ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ 'ਚ ਚੰਗੇ ਲੋਕਾਂ ਦਾ ਰਾਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਲ 2014 'ਚ ਇੱਕ ਸਿਆਸੀ ਸੰਕਟ ਸੀ ਜੋ ਅੱਜ ਵੀ ਦਿਖਾਈ ਦਿੰਦਾ ਹੈ। ਰਾਮਦੇਵ ਨੇ ਅੱਗੇ ਫਿਰ ਕਬੀਰ ਦਾ ਦੋਹਾ ਦੁਹਰਾਇਆ। ਅਜਿਹੇ 'ਚ ਸਵਾਲ ਖੜ੍ਹਾ ਹੁੰਦਾ ਹੈ ਕਿ ਪਿਛਲੇ ਪੰਜ ਸਾਲ ਤੋਂ ਬੀਜੇਪੀ ਸਮਰਥਕ ਰਾਮਦੇਵ ਨੇ ਅਚਾਨਕ ਬੀਜੇਪੀ ਤੋਂ ਪੈਰ ਪਿਛਾਂਹ ਕਿਉਂ ਖਿੱਚ ਲਏ ਹਨ?