ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ ਪਟਿਆਲਾ ਹਾਊਸ ਅਦਾਲਤ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਅਦਾਲਤ ਨੇ ਮਾਮਲੇ ਦੀ ਪੜਤਾਲ ਛੇਤੀ ਕਰਨ ਲਈ ਛਾਪੇਮਾਰੀ ਕਰਨ ਦੇ ਨਾਲ-ਨਾਲ ਕੁਝ ਦਸਤਾਵੇਜ਼ਾਂ ਦੀ ਪੁਸ਼ਟੀ ਲਈ ਵਿਗਿਆਨਕ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਤੇ ਨਾਲ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਪੁੱਛਿਆ ਹੈ ਕਿ ਕਿਉਂ ਨਾ ਇਹ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਜਾਵੇ।
ਅਦਾਲਤ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੰਜ ਦਿਨਾਂ ਵਿੱਚ ਜਵਾਬ ਦੇਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਨਾਲ ਸਬੰਧਤ ਰਿਕਾਰਡ ਜਾਂਚਣ ਲਈ ਪੁਲਿਸ ਨੂੰ ਤਲਾਸ਼ੀ ਵਾਰੰਟ ਵੀ ਜਾਰੀ ਕਰ ਦਿੱਤੇ ਹਨ। ਯਾਨੀ ਕਿ ਪੁਲਿਸ ਹੁਣ ਮਾਮਲੇ ਦੀ ਸਬੰਧਤ ਕਾਗ਼ਜ਼ਾਤ ਖੰਘਾਲਣ ਲਈ ਛਾਪੇਮਾਰੀ ਕਰ ਸਕਦੀ ਹੈ। ਪਟਿਆਲਾ ਹਾਊਸ ਕੋਰਟ ਨੇ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਆਮ ਲੋਕਾਂ ਵੱਲੋਂ ਗੁਰਦੁਆਰੇ ਨੂੰ ਪੈਸਾ ਦਿੱਤਾ ਹੈ ਤੇ ਇਸ ਦੀ ਦੁਰਵਰਤੋਂ ਦਾ ਮਾਮਲਾ ਵੀ ਲੋਕ ਹਿੱਤ ਨਾਲ ਜੁੜਿਆ ਹੋਇਆ, ਇਸ ਲਈ ਉਹ ਖ਼ੁਦ ਮਾਮਲੇ ਦੀ ਨਿਗਰਾਨੀ ਕਰਨ।
ਮਾਮਲੇ ਵਿੱਚ ਸ਼ਿਕਾਇਤਕਰਤਾ ਗੁਰਮੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਹੋਰਾਂ ਨੇ ਜੀਕੇ ਦੀ ਧੀ ਦੀ ਕੰਪਨੀ ਤੋਂ ਕਿਤਾਬਾਂ ਤਾਂ ਵਰਦੀ ਖਰੀਦਣ ਵਿੱਚ ਧਾਂਦਲੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਮੇਟੀ ਨੇ ਕੈਨੇਡਾ ਤੋਂ ਆਏ ਪੈਸੇ ਨੂੰ ਦਮਦਮਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਤੋਂ ਨਕਦ ਰੂਪ ਵਿੱਚ ਮਿਲਿਆ ਦਰਸਾਇਆ ਗਿਆ ਹੈ, ਉਸ ਦੀ ਰਸੀਦ ਦੀ ਜਾਂਚ ਕਰਵਾਈ ਜਾਵੇਗੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਸੱਤ ਫਰਵਰੀ ਨੂੰ ਤੈਅ ਕੀਤੀ ਹੈ।