ਅਮਰਾਵਤੀ: ਅਦਾਕਾਰ ਤੋਂ ਨੇਤਾ ਬਣੇ ਜਨ ਸੈਨਾ ਦੇ ਮੁਖੀ ਕਲਿਆਣ ਆਨੰਦ ਨੇ ਸਿਨੇਮਾ ਹਾਲ ਵਿੱਚ ਖੜ੍ਹੇ ਹੋਣ ਬਾਰੇ ਕਿਹਾ ਕਿ ਇਹ ਮੇਰੀ ਦੇਸ਼ ਭਗਤੀ ਦੀ ਪ੍ਰੀਖਿਆ ਨਹੀਂ। ਆਂਧਰ ਪ੍ਰਦੇਸ਼ ਦੇ ਕੁਰਨੂਲ ਵਿੱਚ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਲਿਆਣ ਨੇ ਸਿਨੇਮਾ ਹਾਲ ਵਿੱਚ ਕੌਮੀ ਤਰਾਨਾ ਚਲਾਉਣ ਦੇ ਫੈਸਲੇ 'ਤੇ ਆਪਣੇ ਵਿਚਾਰ ਰੱਖੇ।


ਉਨ੍ਹਾਂ ਕਿਹਾ, "ਸਿਨੇਮਾ ਥੀਏਟਰ ਵਿੱਚ ਮੇਰੀ ਦੇਸ਼ ਭਗਤੀ ਦੀ ਪ੍ਰੀਖਿਆ ਨਹੀਂ। ਸਰਹੱਦ 'ਤੇ ਜੰਗ ਚੱਲ ਰਹੀ ਹੈ, ਇਹ ਮੇਰੀ ਦੇਸ਼ ਭਗਤੀ ਦੀ ਪ੍ਰੀਖਿਆ ਹੈ। ਸਮਾਜ ਰੂੜ੍ਹੀਵਾਦ ਨਾਲ ਗੜੁੱਚ ਹੈ, ਇਹ ਮੇਰੀ ਦੇਸ਼ ਭਗਤੀ ਹੈ। ਮੈਂ ਰਿਸ਼ਵਤਖੋਰੀ ਨੂੰ ਰੋਕ ਸਕਦਾ ਹਾਂ ਜਾਂ ਨਹੀਂ, ਇਹ ਮੇਰੀ ਦੇਸ਼ ਭਗਤੀ ਦੀ ਪ੍ਰੀਖਿਆ ਹੈ।"

ਪਵਨ ਕਲਿਆਣ ਨੇ ਕਿਹਾ ਕਿ ਜਦ ਸਿਨੇਮਾਘਰਾਂ ਵਿੱਚ ਕੌਮੀ ਤਰਾਨਾ ਗੂੰਜਦਾ ਹੈ ਤਾਂ ਉਹ ਖੜ੍ਹੇ ਹੋਣਾ ਪਸੰਗ ਨਹੀਂ ਕਰਦੇ। ਸਿਆਸੀ ਦਲ ਆਪਣੀਆਂ ਬੈਠਕਾਂ ਸ਼ੁਰੂ ਕਰਨ ਤੋਂ ਪਹਿਲਾਂ ਅਜਿਹਾ ਕਿਉਂ ਨਹੀਂ ਕਰਦੇ? ਸਿਰਫ ਸਿਨੇਮਾ ਹਾਲ ਵਿੱਚ ਹੀ ਕੌਮੀ ਤਰਾਨਾ ਕਿਓਂ ਵਜਾਉਣਾ ਚਾਹੀਦਾ ਹੈ। ਦੇਸ਼ ਦੇ ਸਰਬਉੱਚ ਸੰਸਥਾਵਾਂ ਨੂੰ ਵੀ ਇਵੇਂ ਕਰਨਾ ਚਾਹੀਦਾ ਹੈ। ਜੋ ਲੋਕ ਕਾਨੂੰਨਾਂ ਦਾ ਪ੍ਰਚਾਰ ਕਰਦੇ ਹਨ ਅਤੇ ਲਾਗੂ ਕਰਦੇ ਹਨ, ਉਹ ਮਿਸਾਲ ਕਿਓਂ ਨਹੀਂ ਬਣਦੇ।


ਜ਼ਿਕਰਯੋਗ ਹੈ ਕਿ ਦਸੰਬਰ 2016 ਵਿੱਚ ਹੈਦਰਾਬਾਦ ਵਿੱਚ ਪਵਨ ਕਲਿਆਣ ਖ਼ਿਲਾਫ਼ ਕੌਮੀ ਤਰਾਨੇ ਦੀ ਹੱਤਕ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਸੀ। ਕੁਝ ਸਮਾਂ ਪਹਿਲਾਂ ਪਵਨ ਕਲਿਆਣ ਨੇ ਦਾਅਵਾ ਕੀਤਾ ਸੀ ਕਿ ਦੋ ਸਾਲ ਪਹਿਲਾਂ ਬੀਜੇਪੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੰਗ ਹੋਵੇਗੀ। ਕਲਿਆਣ ਇਨ੍ਹੀਂ ਦਿਨੀਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਬੇਰੁਜ਼ਗਾਰੀ ਆਪਣੇ ਚੋਣ ਮੁੱਦੇ ਬਣਾਏ ਹਨ।