ਗੋਰਖਪੁਰ: ਉੱਤਰ ਪ੍ਰਦੇਸ਼ ‘ਚ ਅਣਵਿਆਹੀ ਗਰਭਵਤੀ ਨੇ ਯੂਟਿਊਬ ‘ਤੇ ਵੀਡੀਓ ਦੇਖ ਕੇ ਜਨੇਪੇ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜ਼ਿਆਦਾ ਖੂਨ ਨਿਕਲਣ ਕਾਰਨ ਉਸ ਦੀ ਤੇ ਬੱਚੇ ਦੀ ਮੌਤ ਹੋ ਗਈ। ਮਕਾਨ ਮਾਲਕ ਤੇ ਹੋਰ ਕਿਰਾਏਦਾਰਾਂ ਨੇ ਕਮਰੇ ਵਿੱਚੋਂ ਨਿਕਲਦਾ ਖੂਨ ਦੇਖ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।


ਜਦੋਂ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਮੋਬਾਈਲ ‘ਚ ਜਨੇਪੇ ਦੀ ਵੀਡੀਓ ਚੱਲ ਰਹੀ ਸੀ। ਪੁਲਿਸ ਮੁਤਾਬਕ ਮ੍ਰਿਤਕਾ ਬਹਰਾਈਚ ਦੀ ਰਹਿਣ ਵਾਲੀ ਸੀ। ਉਸ ਨੇ ਚਾਰ ਦਿਨ ਪਹਿਲਾਂ ਹੀ ਗੋਰਖਪੁਰ ਦੇ ਕੈਂਟ ਇਲਾਕੇ ‘ਚ ਮਕਾਨ ਕਿਰਾਏ ‘ਤੇ ਲਿਆ ਸੀ। ਉਸ ਨੇ ਮਕਾਨ ਮਾਲਕ ਨੂੰ ਕਿਹਾ ਸੀ ਕਿ ਕੁਝ ਦਿਨ ਬਾਅਦ ਉਸ ਦੀ ਮਾਂ ਉਸ ਨਾਲ ਰਹਿਣ ਆ ਰਹੀ ਹੈ।

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ ਸੀ। ਲੋਕਾਂ ਦੀਆਂ ਗੱਲਾਂ ਤੋਂ ਬਚਣ ਲਈ ਉਹ ਇਲਾਕੇ ‘ਚ ਘਰ ਬਦਲ-ਬਦਲ ਕੇ ਕਿਰਾਏ ‘ਤੇ ਰਹਿੰਦੀ ਸੀ। ਇਸ ਬਾਰੇ ਪੁਲਿਸ ਨੇ ਮ੍ਰਿਤਕਾ ਦੇ ਘਰਦਿਆਂ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਅਣਵਿਆਹੀ ਹੈ।

ਹੁਣ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਬੂਤਾਂ ਨਾਲ ਛੇੜਛਾੜ ਨਾ ਹੋਵੇ ਇਸ ਲਈ ਕਮਰਾ ਸੀਲ ਕਰ ਦਿੱਤਾ ਹੈ। ਮ੍ਰਿਤਕਾ ਦੇ ਘਰਦਿਆਂ ਵੱਲੋਂ ਸ਼ਿਕਾਇਤ ਮਿਲਣ ‘ਤੇ ਉਸ ਦੇ ਪ੍ਰੇਮੀ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।