ਨਵੀਂ ਦਿੱਲੀ: 2019 ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। 11 ਅਪਰੈਲ ਤੋਂ 19 ਮਈ ਤਕ ਸੱਤ ਪੜਾਵਾਂ ਵਿੱਚ ਦੇਸ਼ ਭਰ ਵਿੱਚ ਵੋਟਿੰਗ ਹੋਣੀ ਹੈ। ਹਾਲਾਂਕਿ, ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਸੀ ਕਿ ਉਨ੍ਹਾਂ ਤਿਉਹਾਰਾਂ ਤੇ ਇਮਤਿਹਾਨਾਂ ਆਦਿ ਦਾ ਧਿਆਨ ਰੱਖ ਕੇ ਹੀ ਵੋਟਿੰਗ ਦੀ ਸਮਾਂ ਸਾਰਣੀ ਤੈਅ ਕੀਤੀ ਹੈ, ਪਰ ਇਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ।
ਮੁਸਲਿਮ ਧਾਰਮਿਕ ਆਗੂਆਂ ਤੇ ਸਿਆਸੀ ਲੀਡਰਾਂ ਨੇ ਰਮਜ਼ਾਨ ਦੇ ਦਿਨਾਂ ਵਿੱਚ ਮੱਤਦਾਨ 'ਤੇ ਇਤਰਾਜ਼ ਜਤਾਇਆ ਹੈ। ਲਖਨਊ ਵਿੱਚ ਮੁਸਲਿਮ ਧਾਰਮਿਕ ਆਗੂ ਖਾਲਿਦ ਰਸ਼ੀਦ ਫਿਰੰਗੀ ਮਹਲੀ, ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸਰਕਾਰ ਦੇ ਮੰਤਰੀ ਫਿਰਹਾਦ ਕਰੀਮ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਰਮਜ਼ਾਨ ਦੇ ਦਿਨਾਂ ਵਿੱਚ ਵੋਟਿੰਗ ਦੇ ਤਿੰਨ ਦਿਨਾਂ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਵੋਟਿੰਗ ਕਾਰਨ ਕਰੋੜਾਂ ਰੋਜ਼ੇਦਾਰਾਂ ਨੂੰ ਪ੍ਰੇਸ਼ਾਨੀ ਹੋਵੇਗੀ।
ਉਕਤ ਆਗੂਆਂ ਦਾ ਕਹਿਣਾ ਹੈ ਕਿ ਤਿੰਨ ਸੂਬਿਆਂ ਬਿਹਾਰ, ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਵਿੱਚ ਮੁਸਲਮਾਨਾਂ ਨੂੰ ਰੋਜ਼ੇ ਦੌਰਾਨ ਵੋਟਿੰਗ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪੰਜ ਮਈ ਤੋਂ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਮਹੀਨੇ ਮਾਹੇ ਰਮਜ਼ਾਨ ਦਾ ਚੰਨ ਦੇਖਿਆ ਜਾਵੇਗਾ। ਜੇਕਰ ਚੰਦ ਦਿੱਸ ਜਾਂਦਾ ਹੈ ਤਾਂ ਛੇ ਮਈ ਤੋਂ ਰੋਜ਼ੇ ਸ਼ੁਰੂ ਹੋਣਗੇ। ਰੋਜ਼ੇ ਦੌਰਾਨ ਦੇਸ਼ ਵਿੱਚ ਛੇ ਮਈ, 12 ਮਈ ਅਤੇ 19 ਮਈ ਨੂੰ ਵੋਟਿੰਗ ਹੋਣੀ ਹੈ। ਇਨ੍ਹਾਂ ਦਿਨਾਂ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਮੁਸਲਿਮ ਨੇਤਾਵਾਂ ਨੇ ਇਤਰਾਜ਼ ਪ੍ਰਗਟਾਇਆ ਹੈ।