ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਦੇ ਕਰੋੜਾਂ ਸਰਕਾਰੀ ਕਰਮਚਾਰੀਆਂ ਨੂੰ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿੱਚ ਵਾਧੇ ‘ਤੇ ਪਾਬੰਦੀ ਲਾ ਦਿੱਤੀ ਹੈ। ਇਹ ਫੈਸਲਾ ਕੋਰੋਨਾ ਵਾਇਰਸ ਕਾਰਨ ਹੋਏ ਆਰਥਿਕ ਸੰਕਟ ਕਾਰਨ ਲਿਆ ਗਿਆ ਹੈ। ਪਹਿਲਾਂ ਹੀ, ਇਹ ਸੰਕੇਤ ਸਨ ਕਿ ਇਸ ਵਾਰ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ ਵਧਾਉਣ ਦਾ ਲਾਭ ਨਹੀਂ ਦਿੱਤਾ ਜਾਵੇਗਾ। ਫੈਸਲੇ ਅਨੁਸਾਰ ਇਹ ਆਦੇਸ਼ ਸਾਰੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਤਨਖਾਹ ਵਾਲੇ ਲੋਕਾਂ ਉੱਤੇ ਲਾਗੂ ਹੋਵੇਗਾ।

ਕੀ ਫੈਸਲਾ ਹੈ
ਸਰਕਾਰ ਵਲੋਂ ਲਏ ਗਏ ਫੈਸਲੇ ਤਹਿਤ 1 ਜਨਵਰੀ 2020, ਉਸ ਤੋਂ ਬਾਅਦ 1 ਜੁਲਾਈ 2020 ਤੇ 1 ਜਨਵਰੀ 2021 ਤੋਂ  ਵੱਧਣ ਵਾਲੇ ਮਹਿੰਗਾਈ ਭੱਤੇ ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੇ ਨਾਲ, ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਬਾਅਦ ਵਿੱਚ ਇਹ ਮਹਿੰਗਾਈ ਭੱਤਾ ਬਕਾਏ ਵਜੋਂ ਵੀ ਨਹੀਂ ਦਿੱਤਾ ਜਾਵੇਗਾ।

ਹਾਸਲ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਪਿਛਲੇ ਮਹੀਨੇ ਸਿਰਫ ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਵਿੱਚ 4 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਸੀ ਤੇ ਕਰਮਚਾਰੀਆਂ ਦਾ ਡੀਏ 17 ਪ੍ਰਤੀਸ਼ਤ ਤੋਂ ਵਧਾ ਕੇ 21 ਪ੍ਰਤੀਸ਼ਤ ਕਰ ਦਿੱਤਾ ਸੀ, ਪਰ ਹੁਣ ਇਹ ਮਹਿੰਗਾਈ ਭੱਤਾ ਨਹੀਂ ਮਿਲੇਗਾ।



ਸਰਕਾਰੀ ਆਦੇਸ਼ ਕੀ ਹੈ
ਵਿੱਤ ਮੰਤਰਾਲੇ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ 1 ਜਨਵਰੀ, 2020 ਤੋਂ ਮਹਿੰਗਾਈ ਭੱਤਾ ਤੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੀ ਵਾਧੂ ਕਿਸ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮਹਿੰਗਾਈ ਭੱਤੇ ਦੇ ਵਧਣ ਲਈ ਹੈ ਭਾਵ ਮਹਿੰਗਾਈ ਭੱਤੇ ਦੀ ਅਦਾਇਗੀ ਤੇ ਮਹਿੰਗਾਈ ਰਾਹਤ ਦੀ ਕਿਸ਼ਤ ਮੌਜੂਦਾ ਰੇਟਾਂ ਤੇ ਜਾਰੀ ਰਹੇਗੀ।