ਨਵੀਂ ਦਿੱਲੀ: ਕਾਂਗਰਸ ਨੇ ਬੀਤੀ ਦਿਨੀਂ ਪ੍ਰਿਅੰਕਾ ਗਾਂਧੀ ਨੂੰ ਜਰਨਲ ਸਕੱਤਰ ਬਣਾ ਹੇ 2019 ਚੋਣਾਂ ਲਈ ਪੂਰਬੀ ਉੱਤਰ ਪ੍ਰਦੇਸ਼ ਦੀ ਡੋਰ ਸੌਂਪੀ ਹੈ। ਪੂਰਬੀ ਯੂਪੀ ‘ਚ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਸਦੀ ਖੇਤਰ ਵਾਰਾਣਸੀ ਤੇ ਯੋਗੀ ਆਦਿੱਤਿਆਨਾਥ ਦਾ ਖੇਤਰ ਗੋਰਖਨਾਥ ਪੈਂਦਾ ਹੈ। ਕਾਂਗਰਸ ਦੇ ਇਸ ਫੈਸਲੇ ਨਾਲ ਰਾਜਨੀਤਕ ਪਾਰਟੀਆਂ ਵੱਖ-ਵੱਖ ਪ੍ਰਤੀਕ੍ਰਿਆਵਾਂ ਦੇ ਰਹੀਆਂ ਹਨ।
ਭਾਜਪਾ ਦੀ ਸਾਥੀ ਪਾਰਟੀ ਸ਼ਿਵ ਸੈਨਾ ਨੇ ਇਸ ਫੈਸਲੇ ਨੂੰ ਮਾਸਟਰ ਸਟ੍ਰੋਕ ਕਿਹਾ ਹੈ ਤੇ ਪ੍ਰਿਅੰਕਾ ਗਾਂਧੀ ਦੀ ਤੁਲਣਾ ਇੰਦਰਾ ਗਾਂਧੀ ਨਾਲ ਕੀਤੀ ਹੈ। ਸ਼ਿਵ ਸੈਨਾ ਦੇ ਬੁਲਾਰੇ ਮਨੀਸ਼ਾ ਕਾਇੰਦੇ ਨੇ ਕਿਹਾ, “ਜਦੋਂ ਇਨ੍ਹਾਂ ਚੋਣਾਂ ‘ਚ ਵੋਟਰ ਵੋਟ ਪਾਉਣ ਜਾਣਗੇ ਤਾਂ ਉਨ੍ਹਾਂ ਨੂੰ ਪ੍ਰਿਅੰਕਾ ‘ਚ ਇੰਦਰਾ ਗਾਂਧੀ ਦੀ ਝਲਕ ਨਜ਼ਰ ਆਵੇਗੀ, ਜੋ ਕਾਂਗਰਸ ਲਈ ਵੱਡੀ ਗੱਲ ਹੈ।”
ਉਧਰ ਪ੍ਰਿਅੰਕਾ ਦੀ ਸਿਆਸੀ ਐਂਟਰੀ ਨੇ ਵਿਰੋਧੀ ਖੇਮੇ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇਸ ਫੈਸਲੇ ਨੂੰ ਰਾਹੁਲ ਦੀ ਹਾਰ ਕਿਹਾ ਹੈ। ਜਦੋਂਕਿ ਕੇਂਦਰ ਮੰਤਰੀ ਆਠਵਲੇ ਨੇ ਕਾਂਗਰਸ ਦੇ ਇਸ ਫੈਸਲੇ ਨਾਲ ਜ਼ਿਆਦਾ ਫਰਕ ਨਾ ਪੈਣ ਦੀ ਗੱਲ ਕਹੀ ਹੈ। ਯੋਗ ਗੁਰੂ ਬਾਬਾ ਰਾਮਦੇਵ ਨੇ ਇਸ ਨੂੰ ਕਾਂਗਰਸ ਦਾ ਅੰਦਰੂਨੀ ਮਸਲਾ ਕਿਹਾ ਹੈ। ਉਧਰ ਜੇਡੀਯੂ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਇਸ ਨੂੰ ਰਾਜਨੀਤੀ ਦਾ ਸਭ ਤੋਂ ਲੰਬਾ ਇੰਤਜ਼ਾਰ ਕਿਹਾ ਹੈ।
ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ‘ਤੇ ਕਿਹਾ ਕਿ ਹੁਣ ਮਜ਼ਾ ਆਵੇਗਾ। ਮੇਰੀ ਭੈਣ ਕਾਬਲ ਤੇ ਮਿਹਨਤੀ ਹੈ। ਜੇਕਰ ਪ੍ਰਿਅੰਕਾ ਦੀ ਗੱਲ ਕੀਤੀ ਜਾਵੇ ਤਾਂ ਇਹ ਪ੍ਰਿਅੰਕਾ ਲਈ ਵੱਡੀ ਚੁਣੌਤੀ ਹੈ ਕਿਉਂਕਿ ਪੂਰਬੀ ਯੂਪੀ ਤੋਂ ਭਾਜਪਾ ਦੇ ਤਮਾਮ ਦਿੱਗਜ ਮੈਦਾਨ ‘ਚ ਉੱਤਰਦੇ ਹਨ। ਵਾਰਾਣਸੀ ਪੀਐਮ ਨਰੇਂਦਰ ਮੋਦੀ, ਗੋਰਖਪੁਰ ਮੁੱਖ ਮੰਤਰੀ ਯੋਗੀ ਦਾ ਗੜ੍ਹ ਹੈ।
ਪੂਰਬੀ ਉੱਤਰ ਪ੍ਰਦੇਸ਼ ‘ਚ 21 ਜ਼ਿਲ੍ਹੇ ਹਨ, ਜਿਨ੍ਹਾਂ ‘ਚ ਲੋਕ ਸਭਾ ਦੀਆਂ 26 ਸੀਟਾਂ ਤੇ ਵਿਧਾਨ ਸਭਾ ਦੀ 130 ਸੀਟਾਂ ਹਨ। ਇਸ ਖੇਤਰ ਦੀ ਖਾਸ ਗੱਲ ਹੈ ਕਿ ਹੁਣ ਤਕ ਪੰਜ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਵੀਪੀ ਸਿੰਘ, ਚੰਦਰਸ਼ੇਖਰ ਤੇ ਨਰੇਂਦਰ ਮੋਦੀ ਪੂਰਬੀ ਯੂਪੀ ਤੋਂ ਹੀ ਹਨ।