ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਇੱਕ ਵਾਰ ਫਿਰ ਇਜ਼ਾਫਾ ਕੀਤਾ ਗਿਆ। ਅੱਜ ਦਿੱਲੀ 'ਚ ਪੈਟਰੋਲ 'ਚ 20 ਪੈਸੇ ਪ੍ਰਤੀ ਲੀਟਰ ਦੇ ਵਾਧੇ ਨਾਲ ਪੈਟਰੋਲ ਦੀ ਕੀਮਤ 79 ਰੁਪਏ 51 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਈ। ਦੂਜੇ ਪਾਸੇ ਮੁੰਬਈ 'ਚ ਪੈਟਰੋਲ 'ਚ 19 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਵਧ ਕੇ 86 ਰੁਪਏ 91 ਪੈਸੇ ਪ੍ਰਤੀ ਲੀਟਰ ਤੱਕ ਪਹੁੰਚ ਗਿਆ।


ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਰਿਕਾਰਡ ਤੋੜ ਰਹੀਆਂ ਹਨ। ਸਰਕਾਰ ਇਸ 'ਤੇ ਅਜੇ ਵੀ ਐਕਸਾਇਜ਼ ਡਿਊਟੀ 'ਚ ਕਟੌਤੀ ਕਰਨ ਲਈ ਤਿਆਰ ਨਹੀਂ। ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਕਿਹਾ ਕਿ ਬਾਹਰੀ ਕਾਰਨਾਂ ਕਰਕੇ ਤੇਲ ਮਹਿੰਗਾ ਹੋਇਆ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜਾਅ ਆਉਂਦਾ ਰਹਿੰਦਾ ਹੈ।


ਬੀਤੇ ਚਾਰ ਸਾਲ 'ਚ ਐਕਸਾਇਜ਼ ਡਿਊਟੀ 9 ਵਾਰ ਵਧਾਈ ਗਈ ਜਦਕਿ ਸਿਰਫ ਇਕ ਵਾਰ ਘਟਾਈ ਗਈ। ਕੇਂਦਰ ਸਰਕਾਰ ਪੈਟਰੋਲ 'ਤੇ 19.48 ਰੁਪਏ ਤੇ ਡੀਜ਼ਲ 'ਤੇ 15.33 ਰੁਪਏ ਪ੍ਰਤੀ ਲੀਟਰ ਐਕਸਾਇਜ਼ ਡਿਊਟੀ ਲੈਂਦੀ ਹੈ। ਆਖਰੀ ਵਾਰ ਅਕਤੂਬਰ 2017 'ਚ ਐਕਸਾਇਜ਼ ਡਿਊਟੀ 2 ਰੁਪਏ ਘਟਾਈ ਗਈ ਸੀ ਪਰ 2014 ਤੋਂ 2016 ਤੱਕ ਇਸ 'ਚ 9 ਵਾਰ ਇਜ਼ਾਫਾ ਕੀਤਾ ਗਿਆ।