ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਅੱਜ ਦਿੱਲੀ 'ਚ ਪੈਟਰੋਲ 48 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਜਦਕਿ ਡੀਜ਼ਲ 'ਚ 52 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਦਰਜ ਕੀਤਾ ਗਿਆ। ਵਧੀਆਂ ਹੋਈਆਂ ਕੀਮਤਾਂ ਤੋਂ ਬਾਅਦ ਦਿੱਲੀ 'ਚ ਡੀਜ਼ਲ ਦੀ ਕੀਮਤ 72 ਰੁਪਏ 7 ਪੈਸੇ ਪ੍ਰਤੀ ਲੀਟਰ ਜਦਕਿ ਪੈਟਰੋਲ 79 ਰੁਪਏ 99 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।




ਮੁੰਬਈ 'ਚ ਵੀ ਤੇਲ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਜਾਰੀ ਹੈ। ਅੱਜ ਮੁੰਬਈ 'ਚ ਪੈਟਰੋਲ 48 ਪੈਸੇ ਪ੍ਰਤੀ ਲੀਟਰ ਉਤਾਂਹ ਚਲਾ ਗਿਆ ਜਦਕਿ ਡੀਜ਼ਲ 'ਚ 55 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਮੁੰਬਈ 'ਚ ਪੈਟਰੋਲ ਦੀਆਂ ਨਵੀਆਂ ਕੀਮਤਾਂ 87 ਰੁਪਏ 99 ਪੈਸੇ ਪ੍ਰਤੀ ਲੀਟਰ 'ਤੇ ਡੀਜ਼ਲ ਦੀ ਕੀਮਤ 'ਚ 76 ਰੁਪਏ 51 ਪੈਸੇ ਪ੍ਰਤੀ ਲੀਟਰ ਹੋ ਗਈ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰਿਕਾਰਡ ਤੋੜ ਵਾਧਾ ਜਾਰੀ ਹੈ। ਸਰਕਾਰ ਵੱਲੋਂ ਵਧੀਆਂ ਹੋਈਆਂ ਕੀਮਤਾਂ 'ਤੇ ਰਾਹਤ ਦੇ ਕੋਈ ਆਸਾਰ ਨਹੀਂ। ਕਾਂਗਰਸ ਨੇ ਤੇਲ ਦੀਆਂ ਕੀਮਤਾਂ ਦੇ ਰੋਸ ਵਜੋਂ 10 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੋਂ ਇਲਾਵਾ ਐਲਪੀਜੀ ਗੈਸ ਦੀ ਕੀਮਤ ਦੁੱਗਣੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 10 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਭਾਰਤ ਬੰਦ ਰਹੇਗਾ।