ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੀ ਮਾਰ ਆਮ ਲੋਕਾਂ 'ਤੇ ਜਾਰੀ ਹੈ। ਅੱਜ ਲਗਾਤਾਰ 11ਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਕੀਤਾ ਗਿਆ। ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 16 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 19 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧ ਗਈ। ਇਸ ਤੋਂ ਬਾਅਦ ਹੁਣ ਪੈਟਰੋਲ 79 ਰੁਪਏ 31 ਪੈਸੇ ਤੇ ਡੀਜ਼ਲ ਦੀ ਕੀਮਤ 71 ਰੁਪਏ 34 ਪੈਸੇ ਪ੍ਰਤੀ ਲੀਟਰ ਹੋ ਗਈ ਹੈ।


ਦੂਜੇ ਪਾਸੇ ਕਲਕੱਤਾ, ਮੁੰਬਈ ਤੇ ਚੇਨੱਈ ਜਿਹੇ ਸ਼ਹਿਰਾਂ 'ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਮੰਬਈ 'ਚ ਪੈਟਰੋਲ 86 ਰੁਪਏ 72 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ ਜਦਕਿ ਡੀਜ਼ਲ 75 ਰੁਪਏ 74 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।


ਕਾਂਗਰਸ ਤੇ ਹੋਰ ਵਿਰੋਧੀ ਦਲ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ 'ਤੇ ਮੋਦੀ ਸਰਕਾਰ ਨੂੰ ਘੇਰ ਰਹੇ ਹਨ। ਵਿਰੋਧੀ ਧਿਰਾਂ ਵੱਲੋਂ ਤੇਲ ਨੂੰ ਜੀਐਸਟੀ ਦੇ ਦਾਇਰੇ ਹੇਠ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਤੇਲ ਜੀਐਸਟੀ ਹੇਠ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ।





ਕਾਂਗਰਸ ਨੇਤਾ ਨੇ ਕਿਹਾ ਕਿ ਕੇਂਦਰ ਵੱਲੋਂ ਸੂਬਿਆਂ ਨੂੰ ਦੇਸ਼ੀ ਠਹਰਾਉਣਾ ਬਣਾਵਟੀ ਤਰਕ ਹੈ ਕਿਉਂਕਿ 19 ਸੂਬਿਆਂ 'ਚ ਬੀਜੇਪੀ ਸੱਤਾ 'ਚ ਹੈ। ਉਨ੍ਹਾਂ ਟਵਿੱਟਰ 'ਤੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਰਨਾ ਜ਼ਰੂਰੀ ਨਹੀਂ ਹੈ ਕਿਉਂਕਿ ਕੀਮਤਾਂ 'ਚ ਵਾਧਾ ਜ਼ਿਆਦਾ ਟੈਕਸ ਹੋਣ ਕਾਰਨ ਹੋ ਰਿਹਾ ਹੈ। ਜੇਕਰ ਟੈਕਸ 'ਚ ਕਟੌਤੀ ਕੀਤੀ ਜਾਵੇ ਤਾਂ ਕੀਮਤਾਂ 'ਚ ਭਾਰੀ ਕਮੀ ਆ ਜਾਵੇਗੀ।