Petrol Price : ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ 'ਚ ਵੀਰਵਾਰ ਨੂੰ ਮਹਾਰਾਸ਼ਟਰ ਦੇ ਸੋਲਾਪੁਰ 'ਚ 1 ਰੁਪਏ ਪ੍ਰਤੀ ਲੀਟਰ ਪੈਟਰੋਲ ਵੇਚਿਆ ਗਿਆ। ਦਰਅਸਲ, ਡਾ.ਬੀ.ਆਰ.ਅੰਬੇਦਕਰ ਦੀ ਜਯੰਤੀ 'ਤੇ ਇੱਕ ਸਥਾਨਕ ਸੰਸਥਾ ਨੇ 500 ਲੋਕਾਂ ਨੂੰ 1 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਵੇਚਿਆ।


ਸਾਰੇ ਖਰੀਦਦਾਰਾਂ ਨੂੰ ਸਿਰਫ ਇਕ ਲੀਟਰ ਈਂਧਨ ਦਿੱਤਾ ਗਿਆ ਸੀ। ਇਸ ਦੌਰਾਨ ਪੈਟਰੋਲ ਪੰਪ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ। ਇਸ ਪ੍ਰੋਗਰਾਮ ਦਾ ਆਯੋਜਨ ਡਾ: ਅੰਬੇਡਕਰ ਸਟੂਡੈਂਟਸ ਅਤੇ ਯੂਥ ਪੈਂਥਰਜ਼ ਵੱਲੋਂ ਕੀਤਾ ਗਿਆ।


'ਮਹਿੰਗਾਈ ਤੇਜ਼ੀ ਨਾਲ ਵਧੀ'
ਜਥੇਬੰਦੀ ਦੇ ਸੂਬਾਈ ਆਗੂ ਮਹੇਸ਼ ਸਰਵਗੌੜਾ ਨੇ ਕਿਹਾ ਕਿ ਮਹਿੰਗਾਈ ਤੇਜ਼ੀ ਨਾਲ ਵਧੀ ਹੈ। ਨਰਿੰਦਰ ਮੋਦੀ ਸਰਕਾਰ ਅਧੀਨ ਪੈਟਰੋਲ ਦੀ ਕੀਮਤ 120 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸ ਲਈ ਲੋਕਾਂ ਨੂੰ ਰਾਹਤ ਦੇਣ ਅਤੇ ਡਾ. ਬਾਬਾ ਸਾਹਿਬ ਅੰਬੇਡਕਰ ਦੀ ਜੈਅੰਤੀ ਮਨਾਉਣ ਲਈ ਅਸੀਂ 1 ਰੁਪਏ ਦੀ ਦਰ ਨਾਲ ਪੈਟਰੋਲ ਦੇਣ ਦਾ ਫੈਸਲਾ ਕੀਤਾ ਹੈ।" ਮਹੇਸ਼ ਸਰਵਗੌੜਾ ਨੇ ਕਿਹਾ ਕਿ ਜੇਕਰ ਸਾਡੇ ਵਰਗੀ ਛੋਟੀ ਸੰਸਥਾ 500 ਲੋਕਾਂ ਨੂੰ ਰਾਹਤ ਦੇ ਸਕਦੀ ਹੈ ਤਾਂ ਸਰਕਾਰ ਨੂੰ ਵੀ ਦੇਣੀ ਚਾਹੀਦੀ ਹੈ।



ਇਸ ਦੇ ਨਾਲ ਹੀ 1 ਰੁਪਏ ਦੀ ਕੀਮਤ 'ਤੇ ਪੈਟਰੋਲ ਖਰੀਦਣ ਵਾਲੇ ਇਕ ਖਰੀਦਦਾਰ ਨੇ ਕਿਹਾ ਕਿ ਪੈਟਰੋਲ ਦੀ ਕੀਮਤ ਹਰ ਰੋਜ਼ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ, ਇਸ ਲਈ ਮੈਂ ਮਹਿੰਗਾਈ ਦੇ ਵਿਚਕਾਰ ਕੁਝ ਪੈਸੇ ਬਚਾ ਕੇ ਖੁਸ਼ ਹਾਂ।



ਜ਼ਿਕਰਯੋਗ ਹੈ ਕਿ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਬਰਕਰਾਰ ਹਨ। ਇਸ ਕਾਰਨ ਮਹਿੰਗਾਈ ਲਗਾਤਾਰ ਵਧ ਰਹੀ ਹੈ। ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਨੂੰ ਚੌਤਰਫਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਫਿਲਹਾਲ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਕਟੌਤੀ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।