ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਆਉਣ ਕਾਰਨ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ ਨਵੀਂ ਉਚਾਈ 'ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਦੇਸ਼ ਭਰ ਦੇ 4 ਵੱਡੇ ਮਹਾਂਨਗਰਾਂ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਇੱਕ ਸਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਈ। ਹਾਲਾਂਕਿ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹਨ, ਪਰ ਇਸ ਸਮੇਂ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਲੋਕਾਂ ਨੂੰ ਇੱਕ ਲੀਟਰ ਪੈਟਰੋਲ ਖਰੀਦਣ ਲਈ ਬਹੁਤ ਘੱਟ ਕੀਮਤ ਚੁਕਾਉਣੀ ਪੈਂਦੀ ਹੈ।


ਪਾਕਿਸਤਾਨ, ਚੀਨ, ਨੇਪਾਲ ਤੇ ਬੰਗਲਾਦੇਸ਼ ਚਾਰ ਗੁਆਂਢੀ ਦੇਸ਼ਾਂ ਵਿੱਚ ਪੈਟਰੋਲ ਸਸਤਾ ਹੈ। ਭਾਰਤ ਦੇ ਚਾਰ ਗੁਆਂਢੀ ਦੇਸ਼ਾਂ ਵਿੱਚੋਂ ਸਭ ਤੋਂ ਸਸਤਾ ਪੈਟਰੋਲ ਪਾਕਿਸਤਾਨ ਵਿੱਚ ਹੈ। ਭਾਰਤੀ ਰੁਪਏ ਅਨੁਸਾਰ, ਪਾਕਿਸਤਾਨ ਵਿੱਚ ਲੋਕਾਂ ਨੂੰ ਇੱਕ ਲੀਟਰ ਪੈਟਰੋਲ ਲਈ 51.88 ਰੁਪਏ ਪ੍ਰਤੀ ਲੀਟਰ ਖਰਚਣੇ ਪੈਂਦੇ ਹਨ।


ਪਾਕਿਸਤਾਨ ਤੋਂ ਬਾਅਦ ਨੇਪਾਲ ਪੈਟਰੋਲ ਦੀਆਂ ਕੀਮਤਾਂ ਦੇ ਲਿਹਾਜ਼ ਨਾਲ ਦੂਜੇ ਨੰਬਰ 'ਤੇ ਹੈ। ਇੱਥੇ ਇੱਕ ਲੀਟਰ ਪੈਟਰੋਲ ਦੀ ਕੀਮਤ 66.68 ਰੁਪਏ ਹੈ। ਚੀਨ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 73.02 ਰੁਪਏ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 75.12 ਰੁਪਏ ਹੈ।


ਗਲੋਬਲ ਪੈਟਰੋਲ ਪ੍ਰਾਈਜ਼ ਡਾਟ ਕਾਮ ਅਨੁਸਾਰ ਅਲਜੀਰੀਆ, ਕੁਵੈਤ, ਅੰਗੋਲਾ, ਸੁਡਾਨ, ਈਰਾਨ ਤੇ ਵੈਨਜ਼ੂਏਲਾ ਬਹੁਤ ਸਸਤੇ ਪੈਟਰੋਲ ਦੇ ਮਾਮਲੇ ਵਿੱਚ ਦੁਨੀਆ ਦੇ ਚੋਟੀ ਦੇ 6 ਦੇਸ਼ ਹਨ। ਅਲਜੀਰੀਆ ਵਿੱਚ ਇੱਕ ਲੀਟਰ ਦੀ ਕੀਮਤ 25 ਰੁਪਏ ਹੈ। ਪੈਟਰੋਲ ਦੀਆਂ ਕੀਮਤਾਂ ਦੇ ਹਿਸਾਬ ਨਾਲ ਕੁਵੈਤ ਦੁਨੀਆ ਦਾ ਪੰਜਵਾਂ ਸਸਤਾ ਦੇਸ਼ ਹੈ, ਜਿੱਥੇ ਇੱਕ ਲੀਟਰ ਪੈਟਰੋਲ ਸਿਰਫ 24.73 ਰੁਪਏ ਵਿੱਚ ਉਪਲਬਧ ਹੈ। ਅੰਗੋਲਾ ਵਿੱਚ ਪੈਟਰੋਲ ਦੀ ਕੀਮਤ 24.11 ਰੁਪਏ ਪ੍ਰਤੀ ਲੀਟਰ ਹੈ।


ਇਸ ਸੂਚੀ ਵਿੱਚ ਸਭ ਤੋਂ ਸਸਤਾ ਪੈਟਰੋਲ ਵੇਚਣ ਦੇ ਮਾਮਲੇ ਵਿੱਚ ਤੀਜਾ ਦੇਸ਼ ਸੁਡਾਨ ਹੈ, ਜਿਥੇ ਪੈਟਰੋਲ ਦੀ ਕੀਮਤ 9.79 ਰੁਪਏ ਪ੍ਰਤੀ ਲੀਟਰ ਹੈ। ਹਾਲਾਂਕਿ, ਤੇਲ ਉਤਪਾਦਕ ਦੇਸ਼ ਈਰਾਨ 8.79 ਰੁਪਏ ਪ੍ਰਤੀ ਲੀਟਰ ਦੀ ਕੀਮਤ ਨਾਲ ਦੂਜੇ ਸਥਾਨ 'ਤੇ ਹੈ। ਵੈਨੇਜ਼ੁਏਲਾ ਦੁਨੀਆ ਭਰ ਵਿੱਚ ਸਭ ਤੋਂ ਸਸਤੇ ਪੈਟਰੋਲ ਦੇ ਮਾਮਲੇ ਵਿੱਚ ਤੇਲ ਪੈਦਾ ਕਰਨ ਵਾਲਾ ਦੇਸ਼ ਹੈ। ਇੱਥੇ ਇਕ ਲੀਟਰ ਪੈਟਰੋਲ ਸਿਰਫ 0.04 ਰੁਪਏ ਯਾਨੀ 4 ਪੈਸੇ ਵਿੱਚ ਖਰੀਦਿਆ ਜਾ ਸਕਦਾ ਹੈ।