ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਕਮਲ ਨਾਥ ਨੇ 17 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਪਰ ਹੁਣ ਤਸਵੀਰ ਨਾਲ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਿਖਿਆ ਹੋਇਆ ਹੈ "ਰਾਜੀਵ ਜੀ ਦਾ ਡ੍ਰਾਈਵਰ ਕਮਲ ਨਾਥ ਅੱਜ ਐਮਪੀ ਦਾ ਮੁੱਖ ਮੰਤਰੀ ਬਣ ਗਿਆ। ਅੱਜ ਦੋ ਅਰਬ ਦਾ ਮਾਲਕ ਹੈ, ਹੋਰ ਕਿੰਨੇ ਅੱਛੇ ਦਿਨ ਚਾਹੀਦੇ ਨੇ ਭਰਾਓ। ਫ਼ੋਟੋ ਬਹੁਤ ਔਖਾ ਮਿਲਿਆ ਹੈ।"



ਤਸਵੀਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹਨ ਅਤੇ ਉਨ੍ਹਾਂ ਨਾਲ ਗੱਡੀ ਦੀ ਡ੍ਰਾਈਵਿੰਗ ਸੀਟ 'ਤੇ ਕਮਲ ਨਾਥ ਬੈਠੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫ਼ੋਟੋ ਬੜੀ ਮੁਸ਼ਕਿਲ ਨਾਲ ਮਿਲਿਆ ਹੈ, ਪਰ ਅਸਲੀਅਤ ਕੁਝ ਹੋਰ ਹੈ। 'ਏਬੀਪੀ ਨਿਊਜ਼' ਵੱਲੋਂ ਕੀਤੀ ਪੜਤਾਲ ਵਿੱਚ ਪਤਾ ਲੱਗਾ ਹੈ ਕਿ ਤਸਵੀਰ ਵਿੱਚ ਡਰਾਇਵਰ ਸੀਟ 'ਤੇ ਕਮਲ ਨਾਥ ਹੀ ਹੈ, ਪਰ ਇਸ ਤਸਵੀਰ ਨੂੰ ਉਨ੍ਹਾਂ ਖ਼ੁਦ ਹੀ ਬੀਤੀ 20 ਅਗਸਤ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜੈਅੰਤੀ ਮੌਕੇ ਸ਼ੇਅਰ ਕੀਤਾ ਸੀ।


ਜਿੱਥੋਂ ਤਕ ਕਮਲ ਨਾਥ ਦੇ ਡਰਾਇਵਰ ਹੋਣ ਦਾ ਸਵਾਲ ਹੈ, ਤਾਂ ਇਹ ਗੱਲ ਲੁਕੀ ਹੋਈ ਨਹੀਂ ਹੈ ਕਿ ਕਮਲ ਨਾਥ ਗਾਂਧੀ ਪਰਿਵਾਰ ਦੇ ਕਿੰਨੇ ਕਰੀਬੀ ਹਨ। ਖ਼ੁਦ ਇੰਦਰਾ ਗਾਂਧੀ ਨੇ 13 ਦਸੰਬਰ 1979 ਨੂੰ ਛਿੰਦਵਾੜਾ ਦੀ ਜਨਤਾ ਸਾਹਮਣੇ ਉਨ੍ਹਾਂ ਨੂੰ ਆਪਣਾ ਤੀਜਾ ਪੁੱਤਰ ਦੱਸਿਆ ਸੀ। ਕਮਲ ਨਾਥ ਸੰਜੇ ਗਾਂਧੀ ਦੇ ਵੀ ਕਾਫੀ ਕਰੀਬੀ ਸਨ।