Manipur violence: ਮਣੀਪੁਰ ਵਿੱਚ ਜੁਲਾਈ ਤੋਂ ਲਾਪਤਾ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। 


ਸੋਮਵਾਰ ਦੇਰ ਰਾਤ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਰਾਜ ਸਰਕਾਰ ਨੇ ਕਿਹਾ ਕਿ ਮਾਮਲਾ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਪਛਾਣ ਫਿਜ਼ਾਮ ਹੇਮਜੀਤ (20) ਅਤੇ ਹਿਜ਼ਾਮ ਲਿੰਥੋਇੰਗਮਬੀ (17) ਵਜੋਂ ਹੋਈ ਹੈ। 


ਜ਼ਿਕਰ ਕਰ ਦਈਏ ਕਿ ਦੋਵੇਂ ਜੁਲਾਈ ਤੋਂ ਲਾਪਤਾ ਸਨ। ਬੀਤੀ ਰਾਤ ਲਾਪਤਾ ਵਿਦਿਆਰਥੀਆਂ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ। ਇਨ੍ਹਾਂ ‘ਚੋਂ ਇੱਕ ਤਸਵੀਰ ‘ਚ ਵਿਦਿਆਰਥੀ ਕਥਿਤ ਤੌਰ ‘ਤੇ ਦੋ ਹਥਿਆਰਬੰਦ ਵਿਅਕਤੀਆਂ ਨਾਲ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ‘ਚ ਦੋ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਦੋਵੇਂ ਵਿਦਿਆਰਥੀ 6 ਜੁਲਾਈ ਤੋਂ ਲਾਪਤਾ ਸਨ।


ਬਿਆਨ ਵਿੱਚ ਕਿਹਾ ਗਿਆ ਹੈ ਕਿ ਮਣੀਪੁਰ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਲਾਪਤਾ ਹੋਣ ਦੇ ਆਲੇ ਦੁਆਲੇ ਦੇ ਹਾਲਾਤਾਂ ਦਾ ਪਤਾ ਲਗਾਉਣ ਤੇ "ਦੋ ਵਿਦਿਆਰਥੀਆਂ ਦੀ ਹੱਤਿਆ ਕਰਨ ਵਾਲੇ" ਦੋਸ਼ੀਆਂ ਦੀ ਪਛਾਣ ਕਰਨ ਲਈ ਮਾਮਲੇ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ।


ਇਸ ਦੇ ਨਾਲ ਹੀ ਕਿਹਾ ਕਿ ਇਸ ਦੁਖਦਾਈ ਸਥਿਤੀ ਦੇ ਜਵਾਬ ਵਿੱਚ ਸਰਕਾਰ ਜਨਤਾ ਨੂੰ ਭਰੋਸਾ ਦਿਵਾਉਂਦੀ ਹੈ ਕਿ ਵਿਦਿਆਰਥੀਆਂ ਦੇ ਅਗਵਾ ਅਤੇ ਹੱਤਿਆ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਖ਼ਿਲਾਫ਼ ਤੁਰੰਤ ਅਤੇ ਨਿਰਣਾਇਕ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨਿਆਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਘਿਨਾਉਣੇ ਅਪਰਾਧ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਕਿਸੇ ਵੀ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਸਰਕਾਰ ਨੇ ਇ,ਸ ਮੌਕੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।