ਨਵੀਂ ਦਿੱਲੀ: ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਪਹੁੰਚਣ ਵਾਲੀ ਬਿਮਾਰੀ ਕੋਰੋਨਾ ਜੋ ਲਗਾਤਾਰ ਆਪਣੇ ਪੈਰ ਪਾਸਾਰ ਰਹੀ ਹੈ। ਅਜਿਹੇ ਵਿੱਚ ਦੱਖਣੀ ਦਿੱਲੀ ਦੇ ਮਾਲਵੀ ਨਗਰ ਵਿੱਚ ਇੱਕ ਪੀਜ਼ਾ ਡਿਲੀਵਰੀ ਕਰਨ ਵਾਲਾ ਲੜਕਾ ਕੋਰੋਨਾ ਪੌਜ਼ਟਿਵ ਪਾਇਆ ਗਿਆ। ਫ਼ਿਕਰ ਦੀ ਵੱਡੀ ਗੱਲ ਇਹ ਹੈ ਕਿ ਇਸ ਲੜਕੇ ਨੇ ਪਿਛਲੇ 15 ਦਿਨਾਂ ਚ 72 ਘਰਾਂ  'ਚ ਪੀਜ਼ਾ ਡਿਲੀਵਰ ਕੀਤਾ ਹੈ।


ਪ੍ਰਸ਼ਾਸਨ ਨੇ ਸਾਰੇ 72 ਘਰਾਂ ਦੀ ਪਛਾਣ ਕਰਕੇ ਕੁਆਰੰਟੀਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਕਿਸੇ 'ਚ ਕੋਰੋਨਾ ਲੱਛਣ ਦਿਖਾਈ ਦੇਣਗੇ ਤਾਂ ਉਸ ਦਾ ਟੈਸਟ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਸ ਲੜਕੇ ਦੇ ਨਾਲ ਕੰਮ ਕਰਨ ਵਾਲੇ 17 ਸਾਥੀਆਂ ਨੂੰ ਵੀ ਘਰਾਂ 'ਚ ਰੱਖਿਆ ਗਿਆ ਹੈ।

ਪਿਛਲੇ 30 ਦਿਨਾਂ ਤੋਂ ਇਸ ਲੜਕੇ ਨੂੰ ਖੰਘ ਜ਼ੁਕਾਮ ਸੀ ਪਰ ਕੋਈ ਟ੍ਰੈਵਲ ਹਿਸਟਰੀ ਨਾ ਹੋਣ ਕਾਰਨ ਟੈਸਟ ਨਹੀਂ ਕੀਤਾ ਗਿਆ। ਲੌਕਡਾਊਨ ਦੌਰਾਨ ਖਾਣ ਤੇ ਰਾਸ਼ਨ ਦੇ ਸਮਾਨ ਦੀ ਡਿਲਿਵਰੀ ਦੀ ਆਗਿਆ ਦਿੱਤੀ ਗਈ ਸੀ, ਜਿਸ ਕਾਰਨ ਉਕਤ ਨੌਜਵਾਨ ਕੰਮ ਕਰ ਰਿਹਾ ਸੀ।

ਦੇਸ਼ 'ਚ ਲੌਕਡਾਊਨ ਦੇ ਬਾਵਜੂਦ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 12,380 ਹੋ ਚੁੱਕੀ ਹੈ ਜਦਕਿ 414 ਲੋਕ ਆਪਣੀ ਜਾਨ ਗੁਆ ਚੁੱਕੇ ਹਨ।