ਸਾਵਧਾਨ..! ਫੇਸਬੁੱਕ 'ਤੇ ਕਰਦੇ ਦੋਸਤੀ, ਅਸ਼ਲੀਲ ਤਸਵੀਰਾਂ ਹਾਸਲ ਕਰਨ ਤੋਂ ਬਾਅਦ ਕਰਦੇ ਬਲੈਕਮੇਲ
ਏਬੀਪੀ ਸਾਂਝਾ | 30 Oct 2017 05:44 PM (IST)
ਪ੍ਰਤੀਕਾਤਮਕ ਤਸਵੀਰ
ਚੰਡੀਗੜ੍ਹ: ਗੁਹਾਟੀ-ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਪੂਰਬ-ਉੱਤਰ ਦੀਆਂ ਅੱਠ ਔਰਤਾਂ ਦੀ ਤਲਾਸ਼ ਹੈ। ਇਹ ਔਰਤਾਂ ਅਫਰੀਕੀ ਨਾਗਰਿਕਾਂ ਵੱਲੋਂ ਚਲਾਏ ਜਾ ਰਹੇ ਧੋਖਾਧੜੀ ਦੇ ਰੈਕੇਟ ਵਿੱਚ ਕਥਿਤ ਤੌਰ 'ਤੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਸੋਸ਼ਲ ਮੀਡੀਆ ਸਾਈਟਾਂ ਜਾਂ ਨਵੀਂ ਦਿੱਲੀ ਵਿੱਚ ਪ੍ਰਾਰਥਨਾ ਸਭਾਵਾਂ ਦੌਰਾਨ ਅਫ਼ਰੀਕੀ ਨਾਗਰਿਕਾਂ ਦੀਆਂ ਦੋਸਤ ਬਣੀਆਂ ਤੇ ਹੌਲੀ-ਹੌਲੀ ਆਪਣੇ ਦੋਸਤਾਂ ਦੀਆਂ ਅਪਰਾਧਿਕ ਸਾਥਣਾਂ ਬਣ ਗਈਆਂ। ਹੁਣ ਇਹ ਔਰਤਾਂ ਆਪਣੇ ਸੂਬਿਆਂ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਅਖ਼ਬਾਰ 'ਦ ਟੈਲੀਗ੍ਰਾਫ' ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਛਾਪੀ ਹੈ ਜਿਸ ਵਿੱਚ ਦਿੱਲੀ ਤੋਂ ਪੰਜ ਨਾਈਜੀਰੀਅਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਕਾਂਡ ਦਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਇੱਕ ਸੂਤਰ ਤੋਂ ਪਤਾ ਲੱਗਾ ਹੈ ਕਿ ਇਹ ਅਪਰਾਧੀ ਗੈਂਗ ਫੇਸਬੁੱਕ 'ਤੇ ਹੈਂਡਸਮ ਮੁੰਡਿਆਂ ਦੀਆਂ ਤਸਵੀਰਾਂ ਪਾਉਣ ਤੋਂ ਬਾਅਦ ਲੜਕੀਆਂ ਦੇ ਦੋਸਤ ਬਣਦੇ ਹਨ। ਕੁਝ ਹੀ ਹਫ਼ਤਿਆਂ ਤਕ ਚੈਟ ਕਰਦੇ ਹਨ। ਇੱਕ ਦੂਜੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ ਤੇ ਬਾਅਦ ਵਿੱਚ ਉਤੇਜਨਾ ਭਰਪੂਰ ਤਸਵੀਰਾਂ ਇੰਟਰਨੈੱਟ 'ਤੇ ਫੈਲਾ ਦੇਣ ਦੀ ਧਮਕੀ ਦੇ ਕੇ ਬਲੈਕਮੇਲ ਕਰਦੇ ਹਨ ਤੇ ਲੜਕੀਆਂ ਤੋਂ ਪੈਸੇ ਮੰਗਦੇ ਹਨ। ਇਹ ਲੋਕ ਫੇਸਬੁੱਕ ਜਾਂ ਇੰਸਟਾਗ੍ਰਾਮ ਰਾਹੀਂ ਮਹਿੰਗੇ ਤੋਹਫੇ ਪੇਸ਼ ਕਰਦੇ ਹਨ ਤੇ ਕੁੜੀਆਂ ਨੂੰ ਕਲੀਅਰੈਂਸ ਫ਼ੀਸ ਦੇ ਰੂਪ ਵਿੱਚ ਪੈਸੇ ਜਮ੍ਹਾਂ ਕਰਵਾਉਣ ਨੂੰ ਕਹਿੰਦੇ ਹਨ। ਜਦੋਂ ਪੈਸਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਂਦਾ ਹੈ ਤਾਂ ਉਸ ਨੂੰ ਬਲਾਕ ਕਰ ਦਿੰਦੇ ਹਨ। ਬੈਸਟ ਲਾਟਰੀਜ਼ ਦੇ ਨਾਂ ਹੇਠ ਇਸ ਗੈਂਗ ਨੇ ਇਨਾਮ ਦੇ ਰੂਪ ਵਿੱਚ ਕਾਰਾਂ ਤੇ ਹੀਰਿਆਂ ਦੀ ਪੇਸ਼ਕਸ਼ ਕੀਤੀ ਹੈ। ਇਹ ਕੁੜੀਆਂ ਨੂੰ 50 ਹਜ਼ਾਰ ਤੋਂ ਲੈ ਕੇ 1 ਲੱਖ ਤਕ ਰੁਪਏ ਜਮ੍ਹਾਂ ਕਰਵਾਉਣ ਲਈ ਕਹਿੰਦੇ ਹਨ। ਇਸ ਗੈਂਗ ਬਾਰੇ ਉਦੋਂ ਪਤਾ ਲੱਗਾ ਜਦੋਂ ਪਿੱਛੇ ਜਿਹੇ ਇੱਕ ਪੀੜਤਾ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਗੈਂਗ ਨੇ ਉਸ ਦੀਆਂ ਨਿੱਜੀ ਤਸਵੀਰਾਂ ਉਸ ਦੇ ਪਰਿਵਾਰ ਨੂੰ ਭੇਜ ਦਿੱਤੀਆਂ, ਕਿਉਂਕਿ ਉਸ ਨੇ ਗੈਂਗ ਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਇਹ ਗੈਂਗ ਚੰਗੇ ਅਸਰ ਰਸੂਖ ਵਾਲੇ ਤੇ ਪੈਸੇ ਵਾਲੇ ਘਰਾਂ ਦੀਆਂ ਕੁੜੀਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਪੁਲਿਸ ਇਸ ਮਾਮਲੇ ਵਿੱਚ ਛਾਣਬੀਣ ਕਰ ਰਹੀ ਹੈ।