ਮੁੰਬਈ: ਸ਼ਿਵ ਸੈਨਾ ਨੇ ਅੱਜ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਰਤ ਸਭ ਤੋਂ ਪਹਿਲਾਂ ਹਿੰਦੂਆਂ ਦਾ ਦੇਸ਼ ਹੈ ਤੇ ਬਾਅਦ ਵਿੱਚ ਬਾਕੀਆਂ ਦਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਹਿੰਦੂਆਂ ਦਾ ਸਿਰਫ ਇੱਕ ਦੇਸ਼ ਭਾਰਤ ਹੈ ਜਦੋਂਕਿ ਮੁਸਲਮਾਨਾਂ ਦੇ 50 ਤੋਂ ਜ਼ਿਆਦਾ ਦੇਸ਼ ਹਨ। ਸ਼ਿਵ ਸੈਨਾ ਦੇ ਰਸਾਲੇ 'ਸਾਮਨਾ' ਦੀ ਸੰਪਾਦਕੀ 'ਚ ਲਿਖਿਆ ਹੈ ਕਿ ਇਸਾਈਆਂ ਕੋਲ ਅਮਰੀਕਾ ਤੇ ਯੂਰਪ ਦੇ ਦੇਸ਼ ਹਨ। ਬੋਧੀਆਂ ਕੋਲ ਚੀਨ, ਜਪਾਨ, ਸ੍ਰੀਲੰਕਾ ਤੇ ਮਿਆਂਮਾਰ ਜਿਹੇ ਦੇਸ਼ ਹਨ। ਹਿੰਦੂਆਂ ਕੋਲ ਭਾਰਤ ਤੋਂ ਇਲਾਵਾ ਕੋਈ ਦੇਸ਼ ਨਹੀਂ।
ਉਨ੍ਹਾਂ ਕਿਹਾ ਕਿ ਹਿੰਦੂ ਸਮੱਰਥਕ ਸਰਕਾਰ ਹੋਣ ਦੇ ਬਾਵਜੂਦ ਭਾਰਤ 'ਚ ਹਿੰਦੂਆਂ ਦੇ ਮਸਲੇ ਹੱਲ ਨਹੀਂ ਹੋ ਰਹੇ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਹਿੰਦੂਤਵੀ ਸਰਕਾਰ ਨੇ ਅਜੇ ਤੱਕ ਕਸ਼ਮੀਰੀ ਪੰਡਤਾਂ ਦਾ ਮੁੱਦਾ ਵੀ ਹੱਲ ਨਹੀਂ ਕੀਤਾ। ਕੇਂਦਰ 'ਚ ਹਿੰਦੂ ਸਮੱਰਥਕ ਸਰਕਾਰ ਹੋਣ ਦੇ ਬਾਵਜੂਦ ਅਯੁੱਧਿਆ ਰਾਮ ਮੰਦਰ ਨਿਰਮਾਣ ਤੇ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਜਿਹੇ ਮਸਲੇ ਅਜੇ ਤੱਕ ਅਣਸੁਲਝੇ ਹਨ।
ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਇੰਦੌਰ 'ਚ ਕਿਹਾ ਸੀ ਕਿ ਹਿੰਦੋਸਤਾਨ ਹਿੰਦੂਆਂ ਦਾ ਦੇਸ਼ ਹੈ ਪਰ ਇਸ ਦਾ ਅਰਥ ਇਹ ਨਹੀਂ ਇਹ ਬਾਕੀਆਂ ਦਾ ਨਹੀਂ। ਦੱਸਣਯੋਗ ਹੈ ਕਿ ਸ਼ਿਵ ਸੈਨਾ ਪਹਿਲਾਂ ਵੀ ਬੀਜੇਪੀ ਨੂੰ ਆਪਣੇ ਨਿਸ਼ਾਨੇ 'ਤੇ ਲੈਂਦੀ ਰਹੀ ਹੈ। ਪਿਛਲੇ ਸਮੇਂ 'ਤੇ ਬੀਜੇਪੀ ਤੇ ਸ਼ਿਵ ਸੈਨਾ 'ਚ ਤਲਖੀ ਜ਼ਿਆਦਾ ਵਧੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਲਗਾਤਾਰ ਸ਼ਿਵ ਸੈਨਾ ਵੱਲੋਂ ਬੀਜੇਪੀ ਖ਼ਿਲਾਫ ਬਿਆਨ ਆਉਂਦੇ ਰਹਿੰਦੇ ਹਨ।