ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ ਫਿਲਮ ਨੂੰ ਰਿਲੀਜ਼ ਤੋਂ ਐਨ ਪਹਿਲਾਂ ਬੈਨ ਕਰਨ ਬਾਅਦ ਹੁਣ ਚੋਣ ਕਮਿਸ਼ਨ ਨੇ ਮੋਦੀ ਦੇ ਜੀਵਨ 'ਤੇ ਆਧਾਰਿਤ ਵੈਬ ਸੀਰੀਜ਼ 'Modi-Journey of a Common Man' ਨੂੰ ਵੀ ਬੈਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਚੋਣ ਕਮਿਸ਼ਨ ਨੇ ਇਰੋਜ਼ ਨਾਓ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਸਾਰੇ ਮੀਡੀਆ ਪਲੇਟਫਾਰਮਜ਼ ਤੋਂ ਇਸ ਵੈਬ ਸੀਰੀਜ਼ ਦੇ ਸਾਰੇ ਐਪੀਸੋਡਜ਼ ਦੀ ਸਟ੍ਰੀਮਿੰਗ ਤੁਰੰਤ ਬੰਦ ਕਰ ਦੇਣ।


ਦੱਸ ਦੇਈਏ ਵਿਵੇਕ ਓਬਰਾਏ ਦੀ ਫਿਲਮ 'ਪੀਐਮ ਨਰੇਂਦਰ ਮੋਦੀ' ਨੂੰ ਚੋਣ ਕਮਿਸ਼ਨ ਨੇ ਰਿਲੀਜ਼ ਤੋਂ ਠੀਕ ਇੱਕ ਦਿਨ ਪਹਿਲਾਂ ਬੈਨ ਕਰ ਦਿੱਤਾ ਸੀ। ਫਿਲਮ 12 ਅਪਰੈਲ ਨੂੰ ਰਿਲੀਜ਼ ਹੋਣੀ ਸੀ। ਇਲਜ਼ਾਮ ਸੀ ਕਿ ਇਹ ਫਿਲਮ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਹੁਣ ਚੋਣ ਕਮਿਸ਼ਨ ਨੇ ਮੋਦੀ ਦੀ ਵੈਬ ਸੀਰੀਜ਼ ਵੀ ਬੈਨ ਕਰ ਦਿੱਤੀ ਹੈ।



ਇੱਥੇ ਧਿਆਨ ਦੇਣ ਯੋਗ ਹੈ ਕਿ ਚੋਣ ਕਮਿਸ਼ਨ ਨੇ ਮੋਦੀ ਦੀ ਬਾਇਓਪਿਕ ਦੇ ਨਾਲ ਅਜਿਹੀ ਕਿਸੇ ਵੀ ਹੋਰ ਸਿਆਸੀ ਫਿਲਮ ਦੀ ਰਿਲੀਜ਼ ਉਤੇ ਰੋਕ ਨਹੀਂ ਲਾਈ। ਅਜਿਹੀਆਂ ਫਿਲਮਾਂ ਚੋਣਾਂ 'ਤੇ ਅਸਰ ਪਾ ਸਕਦੀਆਂ ਹਨ। ਹਾਲਾਂਕਿ ਪੀਐਮ ਮੋਦੀ ਦੀ ਬਾਇਓਪਿਕ ਦਾ ਮਾਮਲਾ ਚੋਣ ਕਮਿਸ਼ਨ ਕੋਲ ਲਟਕਿਆ ਪਿਆ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਕਮਿਸ਼ਨ ਨੂੰ 19 ਅਪਰੈਲ ਤਕ ਸੀਲਬੰਦ ਲਿਫਾਫੇ ਵਿੱਚ ਰਿਪੋਰਟ ਸੌਪਣ ਲਈ ਕਿਹਾ ਸੀ। 22 ਅਪਰੈਲ ਨੂੰ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਕਰੇਗਾ।