ਅਮੇਠੀ (ਉੱਤਰ ਪ੍ਰਦੇਸ਼): ਅਮੇਠੀ ਦੇ ਰਿਟਰਨਿੰਗ ਅਫ਼ਸਰ ਰਾਮ ਮਨੋਹਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਮਜ਼ਦਗੀ ਦੀ ਜਾਂਚ ਨੂੰ 22 ਅਪਰੈਲ ਤਕ ਸਥਗਿਤ ਕਰਨ ਦੇ ਹੁਕਮ ਦੇ ਦਿੱਤੇ ਹਨ। ਇੱਕ ਆਜ਼ਾਦ ਉਮੀਦਵਾਰ ਧਰੁਵ ਲਾਲ ਨੇ ਰਾਹੁਲ ਗਾਂਧੀ ਦੀ ਨਾਮਜ਼ਦਗੀ ਸਬੰਧੀ ਜਾਣਕਾਰੀ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਧਰੁਵ ਲਾਲ ਦੇ ਵਕੀਲ ਰਵੀ ਪ੍ਰਕਾਸ਼ ਨੇ ਕਿਹਾ ਸੀ ਕਿ ਉਨ੍ਹਾਂ ਤਿੰਨ ਬਿੰਦੂਆਂ ਦੇ ਆਧਾਰ 'ਤੇ ਇਹ ਇਤਰਾਜ਼ ਜਤਾਇਆ ਹੈ।


ਮੀਡੀਆ ਰਿਪੋਰਟ ਮੁਤਾਬਕ ਰਵੀ ਪ੍ਰਕਾਸ਼ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਬ੍ਰਿਟੇਨ ਦੀ ਇੱਕ ਕੰਪਨੀ ਨਾਲ ਜੁੜੇ ਹੋਏ ਹਨ। ਇਸ ਕੰਪਨੀ ਕੋਲ ਦਿੱਤੀ ਜਾਣਕਾਰੀ ਵਿੱਚ ਰਾਹੁਲ ਨੇ ਖ਼ੁਦ ਨੂੰ ਬ੍ਰਿਟੇਨ ਦਾ ਨਾਗਰਿਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਕੋਈ ਵਿਦੇਸ਼ੀ ਭਾਰਤ ਵਿੱਚ ਚੋਣਾਂ ਨਹੀਂ ਲੜ ਸਕਦਾ।

ਵਕੀਲ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਹਲਫ਼ਨਾਮੇ ਵਿੱਚ 2003 ਤੋਂ 2009 ਦਰਮਿਆਨ ਆਪਣੀ ਜਾਇਦਾਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਰਾਹੁਲ ਗਾਂਧੀ ਦੀ ਵਿਦਿਅਕ ਯੋਗਤਾ 'ਤੇ ਵੀ ਸਵਾਲ ਚੁੱਕੇ ਗਏ ਹਨ। ਰਵੀ ਪ੍ਰਕਾਸ਼ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਦੱਸੀ ਵਿਦਿਅਕ ਯੋਗਤਾ ਉਨ੍ਹਾਂ ਦੇ ਦਸਤਾਵੇਜ਼ਾਂ ਵਿੱਚ ਮੌਜੂਦ ਯੋਗਤਾ ਨਾਲ ਮੇਲ ਨਹੀਂ ਖਾਂਦੀ।

ਕਈ ਦਸਤਾਵੇਜ਼ਾਂ ਵਿੱਚ ਤਾਂ ਰਾਹੁਲ ਗਾਂਧੀ ਦਾ ਨਾਂ ਰਾਹੁਲ ਵਿੰਸੀ ਦੱਸਿਆ ਗਿਆ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਰਾਹੁਲ ਵਿੰਸੀ ਤੇ ਰਾਹੁਲ ਗਾਂਧੀ ਇੱਕ ਹੀ ਇਨਸਾਨ ਹਨ। ਇਸ ਸਬੰਧੀ ਸਪਸ਼ਟੀਕਰਨ ਦੇਣ ਦੀ ਲੋੜ ਹੈ। ਉੱਧਰ ਰਾਹੁਲ ਗਾਂਧੀ ਦੀ ਨਾਮਜ਼ਦਗੀ 'ਤੇ ਸਵਾਲ ਉੱਠਣ ਮਗਰੋਂ ਬੀਜੇਪੀ ਹਮਲਾਵਰ ਹੋ ਗਈ ਹੈ। ਬੀਜੇਪੀ ਨੇ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਦੀ ਨਾਗਰਿਕਤਾ 'ਤੇ ਸਵਾਲ ਚੁੱਕੇ ਹਨ।