ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਭਾਸ਼ਣ ਕਰਕੇ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਵਿਰੋਧੀ ਲੀਡਰ ਵੀ ਉਨ੍ਹਾਂ ਦੇ ਭਾਸ਼ਣ ਦੀ ਤਾਰੀਫ਼ ਕਰਦੇ ਹਨ। ਚੋਣ ਰੈਲੀਆਂ ਵਿੱਚ ਤਾਂ ਮੋਦੀ ਕਈ-ਕਈ ਘੰਟਿਆਂ ਤਕ ਭਾਸ਼ਣ ਦਿੰਦੇ ਹਨ ਪਰ ਅੱਜ ਪੱਛਮ ਬੰਗਾਲ ਦੇ ਠਾਕੁਰਗੜ੍ਹ ਵਿੱਚ ਪੀਐਮ ਨੇ ਸਿਰਫ 14 ਮਿੰਟ ਹੀ ਭਾਸ਼ਣ ਦਿੱਤਾ। ਦਰਅਸਲ ਰੈਲੀ ਵਿੱਚ ਭੀੜ ਬੇਹੱਦ ਜ਼ਿਆਦਾ ਹੋ ਗਈ ਸੀ। ਪ੍ਰਸ਼ਾਸਨ ਵੀ ਬੇਕਾਬੂ ਭੀੜ ’ਤੇ ਕੰਟਰੋਲ ਨਹੀਂ ਕਰ ਪਾ ਰਿਹਾ ਸੀ। ਇਸੇ ਕਰਕੇ ਪੀਐਮ ਨੇ ਆਪਣਾ ਭਾਸ਼ਣ ਖ਼ਤਮ ਕਰਨਾ ਹੀ ਮੁਨਾਸਿਬ ਸਮਝਿਆ।
ਪੀਐਮ ਮੋਦੀ ਨੇ ਠਾਕੁਰਗੜ ਦੀ ਰੈਲੀ ਨਾਲ ਆਗਾਮੀ ਲੋਕ ਸਭਾ ਚੋਣਾਂ ਲਈ ਪੱਛਮ ਬੰਗਾਲ ਤੋਂ ਬੀਜੇਪੀ ਦੇ ਪ੍ਰਚਾਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਦੁਰਗਾਪੁਰ ਵਿੱਚ 294 ਕਿਲੋਮੀਟਰ ਲੰਮੇ ਅੰਦਲ-ਸੈਂਥਿਆ-ਪਾਕੁਰ-ਮਾਲਦਾ ਰੇਲਵੇ ਸੈਕਸ਼ਨ ਦੇ ਇਲੈਕਟ੍ਰੀਫਿਕੇਸ਼ਨ ਵੀ ਲਾਂਚ ਕੀਤੀ। ਇਸ ਰੈਲੀ ਵਿੱਚ ਭੀੜ ਇੰਨੀ ਜ਼ਿਆਦਾ ਸੀ ਕਿ ਪ੍ਰਸ਼ਾਸਨ ਲਈ ਉਸ ਨੂੰ ਕਾਬੂ ਕਰਨਾ ਚੁਣੌਤੀ ਬਣ ਗਿਆ ਸੀ। ਲਿਹਾਜ਼ਾ ਪੀਐਮ ਨੇ ਆਪਣਾ ਭਾਸ਼ਣ ਜਲਦੀ ਖ਼ਤਮ ਕਰ ਦਿੱਤਾ।
ਭੀੜ ਦੇਖ ਕੇ ਪੀਐਮ ਮੋਦੀ ਨੇ ਕਿਹਾ ਕਿ ਇਹ ਦ੍ਰਿਸ਼ ਵੇਖ ਦੇ ਮੈਨੂੰ ਸਮਝ ਆ ਰਿਹਾ ਹੈ ਕਿ ਦੀਦੀ ਹਿੰਸਾ ’ਤੇ ਕਿਉਂ ਉੱਤਰ ਆਈ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਹ ਉਨ੍ਹਾਂ ਦਾ ਪਿਆਰ ਹੈ ਕਿ ਲੋਕਤੰਤਰ ਦੇ ਬਚਾਅ ਦਾ ਨਾਟਕ ਕਰਨ ਵਾਲੇ ਲੋਕ ਲੋਕਤੰਤਰ ਦਾ ਘਾਣ ਕਰਨ ’ਤੇ ਤੁਲੇ ਹੋਏ ਹਨ। ਹਾਲਾਂਕਿ ਉਨ੍ਹਾਂ ਭੀੜ ਨੂੰ ਸ਼ਾਂਤ ਕਰਨ ਦੀ ਵੀ ਕੋਸ਼ਿਸ਼ ਕੀਤੀ।