ਨਵੀਂ ਦਿੱਲੀ: ਅਰਜਨਟੀਨਾ ਦੇ ਬਿਊਨਸ ਆਇਰਸ ‘ਚ ਜੀ-20 ਸੰਮੇਲਨ ਹੋ ਰਿਹਾ ਹੈ ਜਿਸ ‘ਚ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ‘ਚ ਕਈ ਵੱਡੇ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ। ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਥੇ ਤਿੰਨਾਂ ਦੇਸ਼ਾਂ ਨੂੰ ਮਿਲਾ ‘ਜੈ’ ਯਾਨੀ ਜੇ.ਏ.ਆਈ. (ਜਾਪਾਨ, ਅਮਰੀਕਾ, ਇੰਡੀਆ) ਦਾ ਨਾਅਰਾ ਵੀ ਦੇ ਦਿੱਤਾ।

ਪੀਐਮ ਮੋਦੀ ਨੇ ਇਕੱਠੇ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ, ‘ਜੇਏਆਈ ਦੀ ਬੈਠਕ ਲੋਕਤੰਤਰ ਨੂੰ ਸਮਰਪਿਤ ਹੈ, ‘ਜੈ’ ਦਾ ਮਤਲਬ ਹੈ ਜਿੱਤ। ਪ੍ਰਧਾਨ ਮੰਤਰੀ ਨੇ ਆਪਣੀ ਗੱਲ ਅੱਗੇ ਤੋਰਦੇ ਹੋਏ ਇਹ ਵੀ ਕਿਹਾ ਕਿ ਇਹ ਮੀਟਿੰਗ ਤਿੰਨਾਂ ਦੇਸ਼ਾਂ ਦੀ ਵਿਚਾਰਧਾਰਾ ਨਾਲ ਤਾਲਮੇਲ ਰੱਖਦੀ ਹੈ। ਇਸ ਦੇ ਨਾਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਨੇ ਕਿਹਾ ਕਿ ਉਹ ਪਹਿਲੇ ‘ਜੇਏਆਈ ਤਿੰਨ ਪੱਖੀ’ ਸਮੇਲਨ ‘ਚ ਹਿੱਸਾ ਲੈ ਕੇ ਖੁਸ਼ ਹਨ।


ਤਿੰਨੋਂ ਦੇਸ਼ ਅਜਿਹੇ ਸਮੇਂ ‘ਚ ਇਕੱਠੇ ਹੋਏ ਹਨ ਜਦੋਂ ਤਿੰਨਾਂ ਦੇ ਨਾਲ ਚੀਨ ਵਿਵਾਦ ਖੜ੍ਹੇ ਕਰ ਰਿਹਾ ਹੈ। ਚੀਨ ਦੇ ਅਜਿਹੇ ਵਤੀਰੇ ਕਰਕੇ ਭਾਰਤ ਅਤੇ ਜਾਪਾਨ ਦੋਵੇਂ ਦੇਸ਼ ਹੀ ਕਾਫੀ ਫਿਕਰਮੰਦ ਹਨ। ਅਜਿਹੇ ‘ਚ ਅਮਰੀਕੀ ਰਾਸ਼ਟਪਤੀ ਨੇ ਕਿਹਾ ਕਿ ਇਹ ਤਿੰਨਾਂ ਦੇਸ਼ਾਂ ਦੇ ਮਜਬੂਤ ਰਿਸ਼ਤਿਆਂ ਦਾ ਦੌਰ ਹੈ। ਟਰੰਪ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਨਾਲ ਰਿਸ਼ਤੇ ਕਿਸੇ ਵੀ ਦੌਰ ‘ਚ ਇੰਨੇ ਮਜਬੂਤ ਨਹੀਂ ਰਹੇ। ਟਰੰਪ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਮੋਦੀ ਦੀ ਵੀ ਖੂਬ ਤਾਰੀਫ ਕੀਤੀ। ਨਾਲ ਹੀ ਕਈ ਮੁੱਦਿਆਂ ‘ਤੇ ਗੱਲਾਂ ਕੀਤੀਆਂ।