ਕੋਜ਼ੀਕੋਡ : ਉੜੀ ਦਹਿਸ਼ਤਗਰਦ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ ’ਚ ਚਿਤਾਵਨੀ ਦਿੱਤੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਹਮਲੇ ਨੂੰ ਕਦੇ ਵੀ ਭੁਲਾਇਆ ਨਹੀਂ ਜਾਏਗਾ ਅਤੇ 18 ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਏਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਕੂਟਨੀਤਕ ਪੱਧਰ ’ਤੇ ਅਲੱਗ-ਥਲੱਗ ਕਰਨ ਲਈ ਭਾਰਤ ਵੱਲੋਂ ਪੂਰੀ ਵਾਹ ਲਾਈ ਜਾਏਗੀ ਅਤੇ ਉਸ ਦੀਆਂ ਅਤਿਵਾਦ ਫੈਲਾਉਣ, ਬੇਕਸੂਰਾਂ ਦੀਆਂ ਹੱਤਿਆਵਾਂ ਅਤੇ ਖ਼ੂਨ ਖ਼ਰਾਬੇ ਦੀਆਂ ਕਾਰਵਾਈਆਂ ਦਾ ਪਰਦਾਫ਼ਾਸ਼ ਕੀਤਾ ਜਾਏਗਾ।
ਮੋਦੀ ਨੇ ਕਿਹਾ ਉੜੀ ਹਮਲੇ ਲਈ ਪਾਕਿਸਤਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਏਸ਼ੀਆ ਦੇ ਇਕ ਮੁਲਕ ਦਾ ਨਿਸ਼ਾਨਾ ਅਤਿਵਾਦ ਫੈਲਾਉਣਾ ਹੈ ਅਤੇ ਉਹ ਇਹ ਯਕੀਨੀ ਬਣਾਉਣ ’ਤੇ ਤੁਲਿਆ ਹੋਇਆ ਹੈ ਕਿ 21ਵੀਂ ਸਦੀ ਏਸ਼ੀਆ ਦੀ ਨਾ ਹੋਵੇ।ਪਾਕਿਸਤਾਨ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਤੁਸੀਂ ਆਪਣੇ ਆਗੂਆਂ ਤੋਂ ਪੁੱਛੋ ਕੀ ਇਕੱਠਿਆਂ ਆਜ਼ਾਦ ਹੋਣ ਦੇ ਬਾਵਜੂਦ ਕੀ ਕਾਰਨ ਹਨ ਕਿ ਭਾਰਤ ਸਾਫ਼ਟਵੇਅਰ ਬਰਾਮਦ ਕਰ ਰਿਹਾ ਹੈ ਜਦਕਿ ਪਾਕਿਸਤਾਨ ਅਤਿਵਾਦ ਫੈਲਾ (ਐਕਸਪੋਰਟ) ਰਿਹਾ ਹੈ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਪਾਕਿਸਤਾਨ ਤੋਂ ਪੀਓਕੇ, ਪਖ਼ਤੂਨਿਸਤਾਨ, ਗਿਲਗਿਤ ਅਤੇ ਬਲੋਚਿਸਤਾਨ ਤਾਂ ਸੰਭਾਲਿਆ ਨਹੀਂ ਜਾਂਦਾ ਅਜਿਹੇ ਵਿੱਚ ਉਹ ਕਸ਼ਮੀਰ ਦਾ ਰੌਲਾ ਪਾ ਰਿਹਾ ਹੈ। ਮੋਦੀ ਨੇ ਕਿਹਾ ਕਿ ਗੁਆਂਢੀ ਮੁਲਕ ਵੱਲੋਂ ਭੇਜੇ ਗਏ ਫਿਦਾਈਨਾਂ ਰਾਹੀਂ 17 ਹਮਲਿਆਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਭਾਰਤੀ ਬਹਾਦਰ ਜਵਾਨਾਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ ਅਤੇ 110 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਦੇ ਲੋਕਾਂ ਨੂੰ ਅਤਿਵਾਦ ਖ਼ਿਲਾਫ਼ ਇਕਜੁੱਟ ਹੋ ਕੇ ਇਸ ਦੀ ਲਾਹ-ਪਾਹ ਕਰਨੀ ਪਏਗੀ। ਮੁਲਕ ਵਾਸੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ 125 ਕਰੋੜ ਲੋਕਾਂ ਨੂੰ ਆਪਣੇ ਜਵਾਨਾਂ ਅਤੇ ਸੁਰੱਖਿਆ ਬਲਾਂ ਦੀ ਬਹਾਦਰੀ ’ਤੇ ਮਾਣ ਹੈ।