ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਵਿੱਚ ਰੱਖੇ ਸਮਾਗਮ ਵਿੱਚ ਸੰਯੁਕਤ ਰਾਸ਼ਟਰ ਵੱਲੋਂ ‘ਚੈਂਪੀਅਨ ਆਫ ਦ ਅਰਥ ਐਵਾਰਡ’ ਨਾਲ ਨਵਾਜਿਆ ਗਿਆ। ਇਹ ਐਵਾਰਡ ਪੀਐਮ ਨੂੰ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਐਂਟੋਨਿਓ ਗੁਟਰੇਸ ਨੇ ਕੌਮਾਂਤਰੀ ਸੌਰ ਗਠਜੋੜ ਦੀ ਅਗਵਾਈ ਤੇ 2022 ਤਕ ਭਾਰਤ ਨੂੰ ਐਕਲ ਇਸਤੇਮਾਲ ਵਾਲੇ ਪਲਾਸਟਿਕ ਤੋਂ ਮੁਕਤ ਕਰਾਉਣ ਦੇ ਸੰਕਲਪ ਲਈ ਦਿੱਤਾ। ਇਸ ਐਵਾਰਡ ਮਿਲਣ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਇਹ ਐਵਾਰਡ ਵਾਤਾਵਰਨ ਦੀ ਸੁਰੱਖਿਆ ਲਈ ਭਾਰਤ ਦੀ ਸਵਾ ਸੌ ਕਰੋੜ ਜਨਤਾ ਦੀ ਪ੍ਰਤੀਬੱਧਤਾ ਦਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਇਹ ਭਾਰਤ ਦੇ ਜੰਗਲਾਂ ਵਿੱਚ ਵੱਸੇ ਆਦਿਵਾਸੀਆਂ ਦੀ ਸਨਮਾਨ ਹੈ ਜੋ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਜੰਗਲ਼ਾਂ ਨਾਲ ਪਿਆਰ ਕਰਦੇ ਹਨ। ਇਹ ਮਛੇਰਿਆਂ ਤੇ ਕਿਸਾਨਾਂ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਆਬਾਦੀ ਨੂੰ ਵਾਤਾਵਰਨ ਤੇ ਕੁਦਰਤ ’ਤੇ ਵਾਧੂ ਦਬਾਅ ਪਾਏ ਬਿਨ੍ਹਾਂ ਵਿਕਾਸ ਦੇ ਮੌਕਿਆਂ ਨਾਲ ਜੋੜਨ ਲਈ ਸਹਾਰੇ ਦੀ ਜ਼ਰੂਰਤ ਹੈ। ਇਸ ਲਈ ਉਹ ਕਲਾਈਮੇਟ ਜਸਟਿਸ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਕਲਾਈਮੇਟ ਚੇਂਜ ਦੀ ਚੁਣੌਤੀ ਨਾਲ ਕਲਾਈਮੇਟ ਜਸਟਿਸ ਨਿਸ਼ਚਿਤ ਕੀਤੇ ਬਿਨ੍ਹਾਂ ਨਹੀਂ ਨਿਪਟਿਆ ਜਾ ਸਕਦਾ।
ਪੀਐਮ ਮੋਦੀ ਦੇ ਨਾਲ-ਨਾਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਵੀ ਇਸੇ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪੰਜ ਹੋਰ ਵਿਅਕਤੀਆਂ ਤੇ ਸੰਗਠਨਾਂ ਨੂੰ ਵੀ ਐਵਾਰਡ ਦਿੱਤੇ ਗਏ। ਦੁਨੀਆ ਦੀਆਂ ਛੇ ਹਸਤੀਆਂ ਨੂੰ ਵਾਤਾਵਰਨ ਖੇਤਰ ਵਿੱਚ ਕਦਮ ਚੁੱਕਣ ਲਈ ਸੰਯੁਕਤ ਰਾਸ਼ਟਰ ਦੇ ਸਭਤੋਂ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।