ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਸ਼ੁੱਕਰਵਾਰ ਫੋਨ 'ਤੇ ਗੱਲਬਾਤ ਕੀਤੀ। ਦੋਵਾਂ ਲੀਡਰਾਂ ਨੇ ਰਣਨੀਤਕ ਸਾਂਝੇਦਾਰੀ 'ਚ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਹਾਲ ਦੇ ਖੇਤਰੀ ਵਿਕਾਸ 'ਤੇ ਚਰਚਾ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਕ੍ਰਾਊਨ ਪ੍ਰਿੰਸ ਨੂੰ ਦੁਬਈ ਐਕਸੋ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, 'ਸ਼ੇਖ ਮੋਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਇਕ ਬਹੁਤ ਹੀ ਸਫਲ ਟੈਲੀਫੋਨ ਕਾਲ ਰਹੀ। ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ 'ਚ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਹਾਲ ਦੇ ਖੇਤਰੀ ਵਿਕਾਸ 'ਤੇ ਚਰਚਾ ਕੀਤੀ। ਕੋਵਿਡ-19 ਦੌਰਾਨ ਭਾਰਤੀ ਭਾਈਚਾਰੇ ਨੂੰ ਯੂਏਈ ਦੇ ਸਮਰਥਨ ਦੀ ਸ਼ਲਾਘਾ ਕੀਤੀ ਤੇ ਦੁਬਈ ਐਕਸਪੋ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਉੱਥੇ ਹੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਪੀਐਮ ਮੋਦੀ ਨੇ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੋਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਟੈਲੀਫੋਨ ਤੇ ਗੱਲਬਾਤ 'ਚ ਅੱਜ ਭਾਰਤ-ਯੂਏਈ ਵਿਆਪਕ ਰਣਨੀਤਕ ਸਬੰਧਾਂ ਤਹਿਤ ਵੱਖ-ਵੱਖ ਖੇਤਰਾਂ 'ਚ ਦੋ ਪੱਖੀ ਸਹਿਯੋਗ 'ਚ ਨਿਰੰਤਰ ਪ੍ਰਗਤੀ ਦੀ ਗੱਲ ਕੀਤੀ। ਦੋਵੇਂ ਲੀਡਰ ਇਸ ਗੱਲ 'ਤੇ ਸਹਿਮਤ ਹੋਏ ਕਿ ਅੱਤਵਾਦ, ਦਹਿਸ਼ਤਗਰਦੀ ਲਈ ਕੋਈ ਥਾਂ ਨਹੀਂ ਹੈ।
ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਲੀਡਰਾ ਨੇ ਸਾਂਝੀ ਚਿੰਤਾ ਦੇ ਖੇਤਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ। ਉਹ ਇਸ ਗੱਲ 'ਤੇ ਸਹਿਮਤ ਹੋਏ ਕਿ ਦੁਨੀਆਂ 'ਚ ਅੱਤਵਾਦ ਤੇ ਦਹਿਸ਼ਤਵਾਦ ਲਈ ਕੋਈ ਥਾਂ ਨਹੀਂ ਹੈ। ਇਸ ਤਰ੍ਹਾਂ ਦੀਆਂ ਤਾਕਤਾਂ ਖਿਲਾਫ ਅੰਤਰ-ਰਾਸ਼ਟਰੀ ਭਾਈਚਾਰੇ ਦੇ ਇਕੱਠੇ ਖੜੇ ਹੋਣ ਦੇ ਮਹੱਤਵ 'ਤੇ ਜ਼ੋਰ ਦਿੱਤਾ।