ਨਵੀਂ ਦਿੱਲੀ: ਬੀਜੇਪੀ ਨੇ ਆਪਣੇ ਚੋਣ ਅਭਿਆਨ ‘ਮੈਂ ਵੀ ਚੌਕੀਦਾਰ ਹਾਂ’ ਸਬੰਧੀ ਵਿਰੋਧੀਆਂ ’ਤੇ ਤਿੱਖਾ ਹਮਲਾ ਕੀਤਾ ਹੈ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਅੱਜ ‘ਮੈਂ ਵੀ ਚੌਕੀਦਾਰ ਹਾਂ’ ਇੱਕ ਅੰਦੋਲਨ ਬਣ ਗਿਆ ਹੈ। ਇੱਕ ਕਰੋੜ ਲੋਕਾਂ ਨੇ ਆਨਲਾਈਨ ਇਸ ਮੁਹਿੰਮ ਨਾਲ ਜੁੜਨ ਦੀ ਸਹੁੰ ਖਾਧੀ ਹੈ। ਇਸੇ ਕਰਕੇ 31 ਮਾਰਚ ਨੂੰ ਪੀਐਮ ਮੋਦੀ ਵੀਡੀਓ ਕਾਨਫਰੰਸ ਨਾਲ 500 ਥਾਈਂ ਇਸ ਮੁਹਿੰਮ ਨਾਲ ਜੁੜਨ ਵਾਲੇ ਲੋਕਾਂ ਨਾਲ ਗੱਲਬਾਤ ਕਰਨਗੇ।
ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ 20 ਲੱਖ ਲੋਕਾਂ ਨੇ ਇਸ ਮੁਹਿੰਮ ਨਾਲ ਜੁੜ ਕੇ ਟਵੀਟ ਕੀਤਾ ਹੈ। ਇਸ ’ਤੇ 1600 ਕਰੋੜ ਤੋਂ ਵੱਧ ਇੰਮਪ੍ਰੈਸ਼ਨ ਆਏ ਹਨ। ਇਸ ਦੇ ਨਾਲ ਹੀ ਇੱਕ ਕਰੋੜ ਲੋਕਾਂ ਨੇ ਆਨਲਾਈਨ ਇਸ ਮੁਹਿੰਮ ਨਾਲ ਜੁੜਨ ਦੀ ਸਹੁੰ ਖਾਧੀ ਤੇ ਇਸ ਦੀ ਵੀਡੀਓ ਵੀ ਇੱਕ ਕਰੋੜ ਲੋਕਾਂ ਨੇ ਵੇਖੀ। ਵਰਲਡ ਵਾਈਡ ਟਰੈਂਡ ਦੀ ਗੱਲ ਕੀਤੀ ਜਾਏ ਤਾਂ ਇਹ ਪੂਰੇ ਦਿਨ ਦਾ ਨੰਬਰ ਵਨ ਟਰੈਂਡ ਰਿਹਾ। ਇਕੱਲੇ ਭਾਰਤ ਵਿੱਚ ਇਹ ਲਗਾਤਾਰ ਦੋ ਦਿਨਾਂ ਤਕ ਨੰਬਰ ਵਨ ਟਰੈਂਡ ਰਿਹਾ।
ਪ੍ਰਸਾਦ ਨੇ ਦੱਸਿਆ ਕਿ 31 ਮਾਰਚ ਨੂੰ ਪੀਐਮ ਮੋਦੀ ਵੀਡੀਓ ਕਾਨਫਰੰਸ ਰਾਹੀਂ ਦੇਸ਼ ਦੀਆਂ ਵੱਖ-ਵੱਖ 500 ਥਾਵਾਂ ਤੋਂ ਵੱਖ-ਵੱਖ ਤਰ੍ਹਾਂ ਦੇ ਚੌਕੀਦਾਰਾਂ ਨਾਲ ਗੱਲਬਾਤ ਕਰਨਗੇ। ਇਹ ਉਹ ਲੋਕ ਹਨ ਜਿਨ੍ਹਾਂ ‘ਮੈਂ ਵੀ ਚੌਕੀਦਾਰ ਹਾਂ’ ਮੁਹਿੰਮ ਨਾਲ ਜੁੜਨ ਦੀ ਸਹੁੰ ਖਾਧੀ ਹੈ। ਇਸ ਵਿੱਚ ਵਰਕਰ, ਐਨਡੀਏ ਦੇ ਲੀਡਰ, ਪ੍ਰੋਫੈਸ਼ਨਲ, ਕਿਸਾਨ, ਸਵੱਛਤਾ ਕਰਮਚਾਰੀ, ਸੇਵਾ ਮੁਕਤ ਫੌਜੀ, ਨੌਜਵਾਨ ਤੇ ਮਹਿਲਾਵਾਂ ਸ਼ਾਮਲ ਹੋਣਗੀਆਂ।