ਮੁੰਬਈ: 1984 ਵਿੱਚ ਹੋਏ ਸਿੱਖ ਕਤਲੇਆਮ ਸਬੰਧੀ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਨਸਾਫ ਮਿਲਣ ਵਿੱਚ ਦੇਰ ਲੱਗੀ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਕਾਂਗਰਸ ਲੀਡਰ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਜਾਏਗਾ।


ਸੱਜਣ ਕੁਮਾਰ ਨੂੰ ਸਜ਼ਾ ਦਿੱਤੇ ਜਾਣ ਦੇ ਇੱਕ ਦਿਨ ਬਾਅਦ ਮੋਦੀ ਨੇ ਇਸ ਸਬੰਧੀ ਆਪਣਾ ਬਿਆਨ ਦਿੱਤਾ। ਦਿੱਲੀ ਹਾਈਕੋਰਟ ਨੇ ਕੱਲ੍ਹ ਫੈਸਲੇ ਵਿੱਚ ਕਿਹਾ ਕਿ ਦੰਗੇ ਮਨੁੱਖਤਾ ਦੇ ਖਿਲਾਫ ਅਪਰਾਧ ਸੀ ਜੋ ਸਿਆਸੀ ਤਾਕਤਾਂ ਦੀ ਸੁਰੱਖਿਆ ਹੇਠ ਹੋਇਆ। ਇਸ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਵੀ ਮਿਲੀਭੁਗਤ ਰਹੀ। ਅਦਾਲਤ ਨੇ ਇਹ ਵੀ ਕਿਹਾ ਕਿ ਕਤਲੇਆਮ ਦੀ ਸਾਜ਼ਿਸ਼ ਉਨ੍ਹਾਂ ਲੋਕਾਂ ਨੇ ਰਚੀ ਜਿਨ੍ਹਾਂ ਨੂੰ ਸਿਆਸੀ ਸੁਰੱਖਿਆ ਹਾਸਲ ਸੀ।

ਇਹ ਵੀ ਪੜ੍ਹੋ- ਸਿੱਖ ਕਤਲੇਆਮ ਦੇ ਸਵਾਲਾਂ ਤੋਂ ਬਚਦੇ ਫਿਰਦੇ ਰਾਹੁਲ ਗਾਂਧੀ

ਪੀਐਮ ਮੋਦੀ ਨੇ ਰਾਫਾਲ ਸੌਦੇ ’ਤੇ ਸੁਪਰੀਮ ਕੋਰਟ ਦੇ ਹਾਲ ਹੀ ਵਿੱਚ ਸੁਣਾਏ ਫੈਸਲੇ ਸਬੰਧੀ ਵੀ ਕਾਂਗਰਸ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਭ੍ਰਿਸ਼ਟਾਚਾਰ ਸਬੰਧੀ ਦੇਸ਼ ਦੀ ਉੱਚ ਅਦਾਲਤ ਵੱਲ ਰੁਖ਼ ਕੀਤਾ ਗਿਆ ਹੈ ਤੇ ਉੱਥੇ ਉਨ੍ਹਾਂ ਨੂੰ ਸਪਸ਼ਟ ਫੈਸਲਾ ਮਿਲਿਆ ਕਿ ਰਾਫਾਲ ਸਬੰਧੀ ਜੋ ਵੀ ਕੰਮ ਹੋਏ ਉਹ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਕੀਤੇ ਗਏ।

ਇਸ ਤੋਂ ਇਲਾਵਾ ਮੋਦੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕਿਸੇ ਨੇ ਇਹ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਅਗਸਤਾ ਵੈਸਟਲੈਂਡ ਹੈਲੀਕਾਪਟਰ ਭ੍ਰਿਸ਼ਟਾਚਾਰ ਮਾਮਲੇ ਦਾ ਮੁੱਖ ਮੁਲਜ਼ਮ ਕ੍ਰਿਸਚੀਅਨ ਮਿਸ਼ੇਲ ਭਾਰਤ ਵਿੱਚ ਹੋਏਗਾ। ਉਨ੍ਹਾਂ ਕਿਹਾ ਕਿ ਸਭ ਦੇ ਤਾਰ ਜੋੜੇ ਜਾ ਰਹੇ ਹਨ।

ਇਹ ਵੀ ਪੜ੍ਹੋ- ਹਾਈਕੋਰਟ ਨੇ ਸਿੱਖ ਕਤਲੇਆਮ ਦੇ ਗੁਜਰਾਤ ਤੇ ਮੁਜ਼ੱਫਰਨਗਰ ਦੰਗਿਆਂ ਨਾਲ ਜੋੜੇ ਤਾਰ