PM Narendra Modi Rally in Himachal: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (5 ਨਵੰਬਰ) ਹਿਮਾਚਲ ਪ੍ਰਦੇਸ਼ ਵਿੱਚ ਦੋ ਥਾਵਾਂ ’ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਦੇ ਪ੍ਰੋਗਰਾਮ ਮੁਤਾਬਕ ਉਹ ਦੁਪਹਿਰ 1 ਵਜੇ ਮੰਡੀ ਜ਼ਿਲ੍ਹੇ ਦੇ ਸੁੰਦਰ ਨਗਰ ਵਿੱਚ ਰੈਲੀ ਕਰਨਗੇ ਅਤੇ ਬਾਅਦ ਦੁਪਹਿਰ 3 ਵਜੇ ਸੋਲਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਹਿਮਾਚਲ ਦਾ ਇੱਕ ਦਿਨਾ ਦੌਰਾ ਹੈ। ਹਿਮਾਚਲ ਪ੍ਰਦੇਸ਼ ਪਹੁੰਚਣ ਤੋਂ ਪਹਿਲਾਂ ਪੀਐਮ ਮੋਦੀ ਪੰਜਾਬ ਦੇ ਡੇਰਾ ਬਿਆਸ ਪਹੁੰਚਣਗੇ। ਪੀਐਮ ਮੋਦੀ ਦੀ ਹਿਮਾਚਲ ਅਤੇ ਪੰਜਾਬ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।


ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸ਼ੁੱਕਰਵਾਰ (4 ਨਵੰਬਰ) ਨੂੰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੀ ਰੈਲੀ ਇਤਿਹਾਸਕ ਹੋਵੇਗੀ। ਸੂਬੇ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਦਾ ਮਾਰਗਦਰਸ਼ਨ ਮਿਲੇਗਾ, ਜਨਤਾ ਪਰੰਪਰਾ ਨੂੰ ਬਦਲ ਕੇ ਭਾਜਪਾ ਨੂੰ ਮੁੜ ਸੱਤਾ ਸੌਂਪ ਦੇਵੇਗੀ।


 


ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰਨਗਰ ਦੇ ਜਵਾਹਰ ਪਾਰਕ ਵਿੱਚ ਰੈਲੀ ਕੀਤੀ ਸੀ, ਉਸ ਸਮੇਂ ਜ਼ਿਲ੍ਹੇ ਦੀਆਂ 10 ਵਿੱਚੋਂ 9 ਸੀਟਾਂ ਭਾਜਪਾ ਦੇ ਹਿੱਸੇ ਗਈਆਂ ਸਨ। ਡੇਢ ਮਹੀਨੇ ਦੇ ਅੰਦਰ ਪੀਐਮ ਮੋਦੀ ਚੌਥੀ ਵਾਰ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ 24 ਸਤੰਬਰ ਨੂੰ ਪੀਐਮ ਮੋਦੀ ਨੇ ਵਰਚੁਅਲ ਰੈਲੀ ਰਾਹੀਂ ਮੰਡੀ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਮੰਡੀ ਜਾਣਾ ਸੀ ਪਰ ਮੀਂਹ ਕਾਰਨ ਪ੍ਰੋਗਰਾਮ ਨੂੰ ਵਰਚੁਅਲ ਮਾਧਿਅਮ ਵਿੱਚ ਬਦਲ ਦਿੱਤਾ ਗਿਆ। ਇਸ ਤੋਂ ਬਾਅਦ 5 ਅਕਤੂਬਰ ਨੂੰ ਪੀਐਮ ਨੇ ਬਿਲਾਸਪੁਰ ਅਤੇ ਕੁੱਲੂ ਵਿੱਚ ਰੈਲੀਆਂ ਕੀਤੀਆਂ।


13 ਅਕਤੂਬਰ ਨੂੰ ਪੀਐਮ ਮੋਦੀ ਨੇ ਊਨਾ ਅਤੇ ਚੰਬਾ ਵਿੱਚ ਜਨਤਾ ਨੂੰ ਸੰਬੋਧਨ ਕੀਤਾ। ਇਸ ਦਿਨ ਉਨ੍ਹਾਂ ਨੇ ਊਨਾ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਅਤੇ ਊਨਾ ਆਈਆਈਟੀ ਨੂੰ ਦੇਸ਼ ਨੂੰ ਸਮਰਪਿਤ ਕੀਤਾ ਸੀ, ਨਾਲ ਹੀ ਜ਼ਿਲ੍ਹੇ ਵਿੱਚ ਇੱਕ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਚੰਬਾ ਵਿੱਚ ਪਣ-ਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਰਾਜ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-III ਦੀ ਸ਼ੁਰੂਆਤ ਕੀਤੀ ਸੀ।