Gujarat Election 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਅਤੇ ਹੁਣ ਚੋਣ ਜ਼ਾਬਤਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਤਿੱਖੀ ਬਿਆਨਬਾਜ਼ੀ ਵੀ ਚੱਲ ਰਹੀ ਹੈ। ਜਿੱਥੇ ਸ਼ੁੱਕਰਵਾਰ ਨੂੰ ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ 'ਆਪ' ਦੇ ਸੀਐਮ ਚਿਹਰੇ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਦੱਸਿਆ ਹੈ ਕਿ ਈਸੂਦਾਨ ਗਢਵੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੋਣਗੇ।



ਇਸ ਦੇ ਨਾਲ ਹੀ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇਸ 'ਤੇ ਵੱਡਾ ਬਿਆਨ ਦਿੱਤਾ ਹੈ ਅਤੇ ਐਲਾਨ ਕੀਤਾ ਹੈ ਕਿ ਮੈਂ ਅੱਜ ਬੋਲ ਰਿਹਾ ਹਾਂ, ਜੇਕਰ ਗੁਜਰਾਤ 'ਚ ਕੇਜਰੀਵਾਲ ਦੀ ਸਰਕਾਰ ਆ ਗਈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਬਹੁਤ ਵੱਡਾ ਨਟਵਰਲਾਲ ਹੈ। ਮੇਰੇ ਸਾਹਮਣੇ ਉਸਦਾ ਨਾਮ ਨਾ ਲਵੋ । ਖਾਸ ਤੌਰ 'ਤੇ ਅਯੁੱਧਿਆ 'ਚ ਬੈਠ ਕੇ ਉਸ ਦਾ ਨਾਂ ਨਾ ਲਓ। ਜੇਕਰ ਉਨ੍ਹਾਂ ਦੀ ਪਾਰਟੀ ਗੁਜਰਾਤ ਚੋਣਾਂ ਜਿੱਤ ਜਾਂਦੀ ਹੈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।

ਕੌਣ ਹੈ ਈਸੂਦਾਨ ਗਢਵੀ

ਈਸੂਦਾਨ ਗਢਵੀ  ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ ਹਨ। ਉਨ੍ਹਾਂ ਨੂੰ ਗੁਜਰਾਤ ਦਾ ਮੁੱਖ ਮੰਤਰੀ ਚਿਹਰਾ ਦੱਸਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੇ 16 ਲੱਖ 48 ਹਜ਼ਾਰ 500 ਲੋਕਾਂ ਨੇ ਵਟਸਐਪ ਅਤੇ ਈ-ਮੇਲ ਰਾਹੀਂ ਆਪਣੀ ਰਾਏ ਦਿੱਤੀ ਹੈ। ਗੁਜਰਾਤ ਦੇ 16 ਲੱਖ ਤੋਂ ਵੱਧ ਲੋਕਾਂ ਦੀ ਰਾਏ ਦੇ ਆਧਾਰ 'ਤੇ 'ਆਪ' ਨੇ ਈਸੂਦਾਨ ਗਢਵੀ ਨੂੰ ਸੀਐਮ ਚਿਹਰਾ ਬਣਾਇਆ ਹੈ। ਇੱਥੋਂ ਦੇ ਲੋਕਾਂ ਨੇ ਉਸ ਨੂੰ ਚੁਣਿਆ ਹੈ। ਗੁਜਰਾਤ ਅੱਜ ਬਦਲਾਅ ਵੱਲ ਵਧ ਰਿਹਾ ਹੈ ਅਤੇ ਹੁਣ ‘ਆਪ’ ਗੁਜਰਾਤ ਦਾ ਨਵਾਂ ਇੰਜਣ ਬਣੇਗੀ ਅਤੇ ਸੂਬਾ ਇੱਕ ਨਵੀਂ ਦਿਸ਼ਾ ਵੱਲ ਵਧੇਗਾ।

ਉਹ ਦਿੱਲੀ ਵਿੱਚ ਬੈਠ ਕੇ ਤੈਅ ਕਰਦੇ , ਅਸੀਂ ਜਨਤਾ ਦੀ ਰਾਏ ਲੈ ਕੇ ਚੁਣਦੇ ਹਾਂ

ਆਮ ਆਦਮੀ ਪਾਰਟੀ ਨੇ ਇਸ ਤੋਂ ਪਹਿਲਾਂ ਪੰਜਾਬ ਚੋਣਾਂ ਵੇਲੇ ਵੀ ਲੋਕਾਂ ਦੀ ਰਾਏ ਲੈ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਚੁਣਿਆ ਸੀ। ਹੁਣ ਗੁਜਰਾਤ ਵਿੱਚ ਵੀ ਕੇਜਰੀਵਾਲ ਨੇ ਇਹੀ ਬਾਜ਼ੀ ਅਜ਼ਮਾਈ ਹੈ। ਕੇਜਰੀਵਾਲ ਨੇ ਭਾਜਪਾ 'ਤੇ ਤੰਜ ਕਸਦਿਆਂ ਕਿਹਾ ਕਿ ਉਹ ਦਿੱਲੀ 'ਚ ਬੈਠ ਕੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰਦੇ ਹਨ, ਮੁੱਖ ਮੰਤਰੀ ਦਾ ਚਿਹਰਾ ਚੁਣਦੇ ਹਨ ਅਤੇ ਅਸੀਂ ਲੋਕਾਂ ਦੀ ਪਸੰਦ 'ਤੇ ਧਿਆਨ ਦਿੰਦੇ ਹਾਂ। ਸਾਡੇ ਲਈ ਜਨਤਾ ਦੀ ਪਸੰਦ ਸਭ ਤੋਂ ਮਹੱਤਵਪੂਰਨ ਹੈ।