ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7 ਵਜੇ 'ਪ੍ਰੀਕਸ਼ਾ ਪੇ ਚਰਚਾ' ਪ੍ਰੋਗਰਾਮ ਤਹਿਤ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਇਸ ਸਬੰਧ 'ਚ ਪ੍ਰਧਾਨ ਮੰਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਸਾਡੇ ਬਹਾਦਰ ਐਗਜ਼ਾਮ ਵਾਰੀਅਰਸ, ਮਾਪਿਆਂ ਤੇ ਅਧਿਆਪਕਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਕਈ ਮਜ਼ੇਦਾਰ ਸਵਾਲ ਤੇ ਯਾਦਗਾਰੀ ਵਿਚਾਰ-ਚਰਚਾ। 7 ਅਪ੍ਰੈਲ ਸ਼ਾਮ 7 ਵਜੇ ਵੇਖੋ 'ਪ੍ਰੀਕਸ਼ਾ ਪੇ ਚਰਚਾ'।
ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਹਿ ਰਹੇ ਹਨ, "ਅਸੀਂ ਪਿਛਲੇ ਇਕ ਸਾਲ ਤੋਂ ਕੋਰੋਨਾ ਦੇ ਖ਼ਤਰੇ 'ਚ ਰਹਿ ਰਹੇ ਹਾਂ ਅਤੇ ਇਸ ਕਾਰਨ ਮੈਨੂੰ ਤੁਹਾਡੇ ਨਾਲ ਵਿਅਕਤੀਗਤ ਤੌਰ 'ਤੇ ਮਿਲਣ ਦੀ ਇੱਛਾ ਨੂੰ ਛੱਡਣਾ ਹੋਵੇਗਾ ਅਤੇ ਨਵੇਂ ਫ਼ਾਰਮੈਟ 'ਚ 'ਪ੍ਰੀਕਸ਼ਾ ਪੇ ਚਰਚਾ' ਦੇ ਪਹਿਲੇ ਡਿਜ਼ੀਟਲ ਐਡੀਸ਼ਨ 'ਚ ਮੈਂ ਤੁਹਾਡੇ ਨਾਲ ਹੋਵਾਂਗਾ।" ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪ੍ਰੀਖਿਆ ਨੂੰ ਮੌਕੇ ਵਜੋਂ ਵੇਖਣ, ਨਾ ਕਿ ਜੀਵਨ ਦੇ ਸੁਪਨਿਆਂ ਦੇ ਅੰਤ ਵਜੋਂ।
ਬੱਚਿਆਂ ਨਾਲ ਦੋਸਤ ਵਜੋਂ ਗੱਲਬਾਤ ਕਰਨਗੇ ਪੀਐਮ
ਵੀਡੀਓ 'ਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਬੱਚਿਆਂ ਨਾਲ ਦੋਸਤ ਦੇ ਰੂਪ 'ਚ ਗੱਲਬਾਤ ਕਰਨਗੇ ਅਤੇ ਇਸ ਤੋਂ ਇਲਾਵਾ ਉਹ ਡਿਜ਼ੀਟਲ ਪ੍ਰੋਗਰਾਮ 'ਚ ਅਧਿਆਪਕਾਂ ਤੇ ਮਾਪਿਆਂ ਨਾਲ ਵੀ ਗੱਲਬਾਤ ਕਰਨਗੇ। ਪੀਐਮ ਮੋਦੀ ਨੇ ਕਿਹਾ ਕਿ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਵਿਦਿਆਰਥੀਆਂ 'ਚ ਡਰ ਬਣਿਆ ਰਹਿੰਦਾ ਹੈ ਕਿ ਲੋਕ ਜਾਂ ਮਾਪੇ ਕੀ ਕਹਿਣਗੇ।
ਵੀਡੀਓ 'ਚ ਪ੍ਰਧਾਨ ਮੰਤਰੀ ਇਹ ਵੀ ਕਹਿ ਰਹੇ ਹਨ ਕਿ ਇਹ 'ਪ੍ਰੀਕਸ਼ਾ ਪੇ ਚਰਚਾ' ਹੈ, ਪਰ ਇੱਥੇ ਚਰਚਾ ਸਿਰਫ਼ ਪ੍ਰੀਖਿਆ ਤਕ ਸੀਮਿਤ ਨਹੀਂ ਹੋਵੇਗੀ। ਇਸ ਵਾਰ ਪ੍ਰੀਖਿਆ 'ਤੇ ਵਿਚਾਰ-ਚਰਚਾ ਪ੍ਰੋਗਰਾਮ ਡਿਜ਼ੀਟਲ ਮਾਧਿਅਮ ਦੁਆਰਾ ਕੀਤਾ ਜਾ ਰਿਹਾ ਹੈ। ਇਸ ਦੀ ਘੋਸ਼ਣਾ ਬੀਤੇ ਫ਼ਰਵਰੀ ਮਹੀਨੇ 'ਚ ਸਿੱਖਿਆ ਮੰਤਰਾਲੇ ਵੱਲੋਂ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਮੋਦੀ ਸਾਲ 2018 ਤੋਂ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ। ਪਹਿਲੀ ਵਾਰ ਇਸ ਦਾ ਆਯੋਜਨ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਕੀਤਾ ਗਿਆ ਸੀ। 'ਪ੍ਰੀਕਸ਼ਾ ਪੇ ਚਰਚਾ' ਪ੍ਰੋਗਰਾਮ ਰਾਹੀਂ ਉਹ ਹਰ ਸਾਲ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਦੂਰ ਰਹਿਣ ਦੇ ਤਰੀਕੇ ਤੇ ਸੁਝਾਅ ਦਿੰਦੇ ਹਨ।
ਇਹ ਵੀ ਪੜ੍ਹੋ: ਪਾਕਿ ਸਰਹੱਦ ਰਾਹੀਂ ਪਹੁੰਚੀ ਹਥਿਆਰਾਂ ਤੇ ਹੈਰੋਇਨ ਦੀ ਖੇਪ, ਸਮੱਗਲਰ ਮਾਰਿਆ ਗਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904