ਮੁੰਬਈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਭਗਵਾਨ ਗਣੇਸ਼ ਦੀ ਪੂਜਾ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਮੁੰਬਈ ਦੇ ਲੋਕਾਂ ਦੀ ਸਾਦਗੀ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਦੌਰਾਨ ਉਨ੍ਹਾਂ ਚੰਦਰਯਾਨ-2 ਮਿਸ਼ਨ ਬਾਰੇ ਕਿਹਾ ਕਿ ਉਹ ਇਸਰੋ ਦੇ ਵਿਗਿਆਨੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਚੰਦਰਮਾ ਤੱਕ ਪਹੁੰਚਣ ਦਾ ਸਾਡਾ ਸੁਪਨਾ ਪੂਰਾ ਹੋ ਕੇ ਰਹੇਗਾ।


ਦੱਸ ਦੇਈਏ ਮੁੰਬਈ ਵਿੱਚ ਤਿੰਨਾਂ ਮੌਟਰੋ ਲਾਈਨਾਂ ਮੈਟਰੋ ਨੈਟਵਰਕ ਵਿੱਚ 42 ਕਿਮੀ ਤੋਂ ਵੱਧ ਦੂਰੀ ਜੋੜਨਗੀਆਂ। ਪੀਐਮ ਮੋਦੀ ਨੇ ਸ਼ਨੀਵਾਰ ਨੂੰ ਅਤਿਆਧੁਨਿਕ ਮੈਟਰੋ ਭਵਨ ਦਾ ਵੀ ਉਦਘਾਟਨ ਕੀਤਾ। 32 ਮੰਜ਼ਿਲਾਂ ਦਾ ਇਹ ਕੇਂਦਰ 340 ਕਿਮੀ ਦੀਆਂ 14 ਮੈਟਰੋ ਲਾਈਨਾਂ ਦਾ ਸੰਚਾਲਨ ਤੇ ਨਿਯੰਤਰਨ ਕਰੇਗਾ। ਇਸ ਤੋਂ ਇਲਾਵਾ ਮੋਦੀ ਨੇ ਬਨਡੋਂਗਰੀ ਮੈਟਰੋ ਸਟੇਸ਼ਨ, ਕਾਂਡੀਵਲੀ ਪੂਰਬ ਤੇ ਅਤਿਆਧੁਨਿਕ ਮੈਟਰੋ ਕੋਚ ਦਾ ਵੀ ਉਦਘਾਟਨ ਕੀਤਾ। ਇਹ ਮੇਕ ਇਨ ਇੰਡੀਆ ਦੇ ਤਹਿਤ ਪਹਿਲਾ ਕੋਚ ਹੈ।


ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, 'ਮੈਂ ਰਾਤ ਭਰ ਇਸਰੋ ਦੇ ਆਪਣੇ ਵਿਗਿਆਨੀ ਸਾਥੀਆਂ ਨਾਲ ਰਿਹਾ। ਉਨ੍ਹਾਂ ਨੇ ਜੋ ਹੌਸਲਾ ਦਿਖਾਇਆ ਹੈ, ਉਸ ਨੂੰ ਵੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ। ਆਪਣੇ ਲਕਸ਼ ਲਈ ਕਿਵੇਂ ਦਿਨ-ਰਾਤ ਇੱਕ ਕੀਤਾ ਜਾਂਦਾ ਹੈ, ਕਿਵੇਂ ਮਾੜੇ ਤੋਂ ਮਾੜੇ ਹਾਲਾਤਾਂ ਵਿੱਚ ਵੀ, ਵੱਡੀ ਤੋਂ ਵੱਡੀ ਚੁਣੌਤੀ ਵਿੱਚ ਵੀ ਪੂਰੇ ਤਨਦੇਹੀ ਨਾਲ ਆਪਣਾ ਟੀਚਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਇਸਰੋ ਦੇ ਸਾਡੇ ਵਿਗਿਆਨੀਆਂ ਤੇ ਇੰਜੀਨੀਅਰਾਂ ਤੋਂ ਸਿੱਖਿਆ ਜਾ ਸਕਦਾ ਹੈ।'


ਪੀਐਮ ਮੋਦੀ ਨੇ ਕਿਹਾ ਕਿ ਸਭ ਤੋਂ ਉੱਚੇ ਪੱਧਰ 'ਤੇ ਉਹ ਲੋਕ ਪਹੁੰਚਦੇ ਹਨ ਜੋ ਲਗਾਤਾਰ ਰੁਕਾਵਟ ਦੇ ਬਾਵਜੂਦ, ਵੱਡੀ ਤੋਂ ਵੱਡੀ ਚੁਣੌਤੀ ਦੇ ਬਾਵਜੂਦ ਨਿਰੰਤਰ ਯਤਨ ਕਰਦੇ ਰਹਿੰਦੇ ਹਨ ਤੇ ਆਪਣੇ ਟੀਚੇ ਨੂੰ ਹਾਸਲ ਕਰਕੇ ਹੀ ਸਾਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਯੰਦਰਯਾਨ ਵਿੱਚ ਇੱਕ ਰੁਕਾਵਟ ਅੱਜ ਵੇਖੀ ਹੈ, ਪਰ ਇਸਰੋ ਦੇ ਵਿਗਿਆਨੀ ਉਦੋਂ ਤਕ ਨਹੀਂ ਰੁਕਣਗੇ, ਜਦੋਂ ਤਕ ਮੰਜ਼ਿਲ ਤਕ ਨਹੀਂ ਪਹੁੰਚ ਜਾਂਦੇ, ਚੰਦ ਤਕ ਨਹੀਂ ਪਹੁੰਚ ਜਾਂਦੇ।