ਨਵੀਂ ਦਿੱਲੀ : ਬ੍ਰਿਸਬੇਨ ਵਿੱਚ ਦਰਿੰਦਗੀ ਨਾਲ ਇੱਕ ਗੌਰੇ ਵੱਲੋਂ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਕਲਮ ਟਰਨਬੁਲ ਨਾਲ ਗੱਲਬਾਤ ਕਰ ਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਮਨਮੀਤ ਦੇ ਕਤਲ ਉੱਤੇ ਚਿੰਤਾ ਦਾ ਪ੍ਰਗਟਾ ਵੀ ਕੀਤਾ।

ਇਸ ਗੱਲ ਦੀ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਨੇ ਐਤਵਾਰ ਨੂੰ ਦੀਵਾਲੀ ਮੌਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁਲ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਟਰਨਬੁਲ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਮਨਮੀਤ ਦੀ ਮੌਤ ਤੋਂ ਬਾਅਦ ਪੂਰੇ ਭਾਰਤ 'ਚ ਚਿੰਤਾ ਅਤੇ ਦੁੱਖ ਦਾ ਮਾਹੌਲ ਹੈ।

ਉੱਧਰ ਮੋਦੀ ਨਾਲ ਗੱਲਬਾਤ ਦੌਰਾਨ ਟਰਨਬੁਲ ਨੇ ਕਿਹਾ ਕਿ ਮਨਮੀਤ ਦੀ ਮੌਤ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਉਨ੍ਹਾਂ ਸ਼੍ਰੀ ਮੋਦੀ ਨੂੰ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਦਾ ਭਰੋਸਾ ਵੀ ਦਿਵਾਇਆ। ਯਾਦ ਰਹੇ ਕਿ ਮਨਮੀਤ ਅਲੀਸ਼ੇਰ ਬ੍ਰਿਸਬੇਨ ਵਿੱਚ ਬੱਸ ਡਰਾਈਵਰ ਸੀ ਅਤੇ ਡਿਊਟੀ ਦੌਰਾਨ ਉਸ ਉੱਤੇ ਇੱਕ ਗੌਰੇ ਨੇ ਜਲਨਸ਼ੀਲ ਪਦਾਰਥ ਸੁੱਟ ਕੇ ਅੱਗ ਲੱਗਾ ਦਿੱਤੀ। ਜਿਸ ਕਾਰਨ ਮਨਮੀਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।