ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਵਿੱਚ ਮੇਹੁਲ ਚੌਕਸੀ ਦੀ 1200 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈਡੀ ਨੇ ਗੀਤਾਂਜਲੀ ਜੇਮਜ਼ ਤੇ ਇਸ ਦੇ ਪ੍ਰਮੋਟਰ ਮੇਹੁਲ ਚੌਕਸੀ ਦੀਆਂ 41 ਸੰਪਤੀਆਂ ਦੀ ਕੁਰਕੀ ਕੀਤੀ ਹੈ। ਇਸ ਦੀ ਕੀਮਤ ਤਕਰੀਬਨ 1,200 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਡਾਇਰੈਕਟੋਰੇਟ ਨੇ PLMA ਐਕਟ ਤਹਿਤ ਕਾਰਵਾਈ ਕਰਦੇ ਸਮੇਂ ਜਾਇਦਾਦ ਦੀ ਕੁਰਕੀ ਦੇ ਆਰਡਰ ਦਿੱਤਾ ਹੈ। ਇਨ੍ਹਾਂ ਸੰਪਤੀਆਂ 'ਚ ਮੁੰਬਈ ਦੇ 15 ਫਲੈਟ ਤੇ 17 ਦਫਤਰ ਕੰਪਲੈਕਸ, ਕੋਲਕਾਤਾ ਵਿੱਚ ਇਕ ਮੌਲ, ਅਲੀਬਾਗ 'ਚ ਇੱਕ ਚਾਰ ਕਿੱਲੇ ਦਾ ਫਾਰਮ ਹਾਊਸ, ਨਾਸਿਕ, ਨਾਗਪੁਰ, ਪਨਵੇਲ ਤੇ ਤਾਮਿਲਨਾਡੂ ਦੇ ਵਿਲਲੀਪੁਰਮ ਵਿਚ 231 ਏਕੜ ਦੀ ਜਾਇਦਾਦ ਸ਼ਾਮਲ ਹੈ।
ਈਡੀ ਮੁਤਾਬਕ ਹੈਦਰਾਬਾਦ ਦੇ ਰੰਗਾ ਰੈਡੀ ਜ਼ਿਲ੍ਹੇ ਵਿੱਚ 170 ਏਕੜ ਦੇ ਪਾਰਕ ਦੀ ਕੁਰਕੀ ਕੀਤੀ ਗਈ ਹੈ ਜਿਸ ਦੀ ਕੀਮਤ 500 ਕਰੋੜ ਰੁਪਏ ਤੋਂ ਵੱਧ ਹੈ। ਚੌਕਸੀ ਦੀਆਂ 41 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕੁੱਲ ਅੰਦਾਜ਼ਨ ਕੀਮਤ 1217.2 ਕਰੋੜ ਰੁਪਏ ਹੈ।
ਚੌਕਸੀ ਤੇ ਉਸ ਦੇ ਰਿਸ਼ਤੇਦਾਰ ਨੀਰਵ ਮੋਦੀ 'ਤੇ ਕਥਿਤ ਤੌਰ' ਤੇ ਪੰਜਾਬ ਨੈਸ਼ਨਲ ਬੈਂਕ ਨਾਲ ਤਕਰੀਬਨ 12 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਇਸ ਕੇਸ ਵਿੱਚ, ਈਡੀ ਸਮੇਤ ਕਈ ਹੋਰ ਏਜੰਸੀਆਂ ਜਾਂਚ ਕਰ ਰਹੀਆਂ ਹਨ।