ਨਵੀਂ ਦਿੱਲੀ: ਸੀਬੀਆਈ ਵੱਲੋਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿੰਦਬਰਮ ਦੀ ਗ੍ਰਿਫਤਾਰ ਮਗਰੋਂ ਬੀਜੇਪੀ ਸਰਕਾਰ ਤੇ ਸੀਬੀਆਈ ਉੱਪਰ ਸਵਾਲ ਉੱਠੇ ਹਨ। ਕਾਂਗਰਸ ਨੇ ਕਿਹਾ ਹੈ ਕਿ ਬੀਜੇਪੀ ਸਰਕਾਰ ਆਪਣੇ ਘੁਟਾਲਿਆਂ ਨੂੰ ਛਪਾਉਣ ਲਈ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵਿਰੋਧੀ ਧਿਰ ਦੇ ਇਲਜ਼ਾਮਾਂ ਤੋਂ ਬਾਅਦ ਬੀਜੇਪੀ ਸਰਕਾਰ ਤੇ ਸੀਬੀਆਈ ਨੇ ਸਫਾਈ ਦਿੱਤੀ ਹੈ। ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਇਹ ਕੋਈ ਬਦਲੇ ਦੀ ਕਾਰਵਾਈ ਨਹੀਂ। ਸੀਬੀਆਈ ਸਬੂਤਾਂ ਦੇ ਆਧਾਰ 'ਤੇ ਹੀ ਕਾਰਵਾਈ ਕਰ ਰਹੀ ਹੈ। ਇਸ ਬਾਰੇ ਸੀਬੀਆਈ ਹੀ ਜ਼ਿਆਦਾ ਜਾਣਕਾਰੀ ਦੇਵੇਗੀ।
ਉਧਰ ਸੀਬੀਆਈ ਨੇ ਅੱਜ ਅਦਾਲਤ ਵਿੱਚ ਦੱਸਿਆ ਕਿ ਕਾਰਤੀ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ। ਉਹ ਲਗਾਤਾਰ ਵਿਦੇਸ਼ ਯਾਤਰਾ ਕਰ ਰਿਹਾ ਹੈ। ਅਜਿਹੇ ਵਿੱਚ ਸਬੂਤਾਂ ਨਾਲ ਛੇੜਛਾੜ ਸੰਭਵ ਹੈ। ਇਸ ਦੇ ਜਵਾਬ ਵਿੱਚ ਕਾਰਤੀ ਦੇ ਵਕੀਲ ਨੇ ਕਿਹਾ ਕਿ ਏਜੰਸੀ ਨੇ ਪਿਛਲੇ ਛੇ ਮਹੀਨਿਆਂ ਵਿੱਚ ਉਸ ਨੂੰ ਸੰਮਨ ਹੀ ਨਹੀਂ ਕੀਤਾ।
ਕਾਬਲੇਗੌਰ ਹੈ ਕਿ ਕਾਰਤੀ ਨੂੰ ਬੁੱਧਵਾਰ ਚੇਨਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਸੀ। ਜਿਵੇਂ ਹੀ ਕਾਰਤੀ ਚਿਦੰਬਰਮ ਲੰਦਨ ਤੋਂ ਪਰਤੇ ਏਅਰਪੋਰਟ ਤੋਂ ਹੀ ਸੀਬੀਆਈ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਏਜੰਸੀ ਨੇ ਪੀਟਰ ਤੇ ਇੰਦ੍ਰਾਣੀ ਮੁਖਰਜੀ ਦੀ ਕੰਪਨੀ ਆਈਐਨਐਕਸ ਮੀਡੀਆ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਤੀ ਨੂੰ ਗ੍ਰਿਫਤਾਰ ਕੀਤਾ ਹੈ। ਕਾਰਤੀ ‘ਤੇ ਕੰਮ ਬਦਲੇ ਲੈਸੇ ਲੈਣ ਦਾ ਇਲਜ਼ਾਮ ਹੈ।
ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਈਡੀ ਨੇ ਕਾਰਤੀ ਚਿਦੰਬਰਮ ਦੇ ਚਾਰਟਿਡ ਅਕਾਉਂਟੈਂਟ ਐਸ ਭਾਸਕਰਰਮਨ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਦਿੱਲੀ ਦੀ ਅਦਾਲਤ ਨੇ ਸੀਏ ਨੂੰ ਪੰਜ ਦਿਨਾਂ ਲਈ ਈਡੀ ਦੀ ਕਸਟੱਡੀ ਵਿੱਚ ਭੇਜ ਦਿੱਤਾ ਸੀ।
ਕੁਝ ਦਿਨ ਪਹਿਲਾਂ ਈਡੀ ਨੇ ਕਾਰਤੀ ਚਿਦੰਬਰਮ ਦੇ ਦਿੱਲੀ ਤੇ ਚੇਨੱਈ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਏਅਰਸੈਲ-ਮੈਕਸਿਸ ਡੀਲ ਵਿੱਚ ਚੱਲ ਰਹੀ ਜਾਂਚ ਦੇ ਸਿਲਸਿਲੇ ਵਿੱਚ ਛਾਪੇ ਮਾਰੇ ਸਨ। ਇਸ ਮਾਮਲੇ ਵਿੱਚ ਕਾਰਤੀ ਆਪਣੇ ਪਿਤਾ ਪੀ ਚਿਦੰਬਰਮ ਲਈ ਮੁਸ਼ਕਿਲਾਂ ਵੱਧ ਸਕਦੀਆਂ ਹਨ ਕਿਉਂਕਿ ਇਲਜ਼ਾਮ ਹੈ ਕਿ ਵਿੱਤ ਮੰਤਰੀ ਦੇ ਤੌਰ ‘ਤੇ ਚਿਦੰਬਰਮ ਨੇ ਹੀ ਦੋ ਵਾਰ ਪ੍ਰਾਈਵੇਟ ਕੰਪਨੀ ਨੂੰ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦਿੱਤੀ ਸੀ।