ਭੋਪਾਲ: ਰਾਜਸਥਾਨ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਬੀਜੇਪੀ ਲਈ ਬੁਰੀ ਖ਼ਬਰ ਹੈ। ਬੀਜੀਪੇ ਦੀ ਸੱਤਾ ਵਾਲੇ ਮੱਧ ਪ੍ਰਦੇਸ਼ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਨੂੰ ਝਟਕਾ ਲੱਗਿਆ ਹੈ। ਸੂਬੇ ਦੇ ਕੋਲਾਰਸ ਤੇ ਮੁੰਗਾਉਲੀ ਵਿਧਾਨ ਸਭਾ ਹਲਕਿਆਂ ਉਤੇ ਵਿਰੋਧੀ ਧਿਰ ਕਾਂਗਰਸ ਨੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਪਿਛਲੇ ਮਹੀਨੇ ਬੀਜੇਪੀ ਰਾਜਸਥਾਨ ਵਿੱਚ ਵੀ ਜ਼ਿਮਨੀ ਚੋਣ ਹਾਰ ਗਈ ਸੀ।

ਮੱਧ ਪ੍ਰਦੇਸ਼ ਵਿੱਚ ਜ਼ਿਮਨੀ ਚੋਣਾਂ 24 ਫਰਵਰੀ ਨੂੰ ਹੋਈਆਂ ਸਨ। ਮੱਧ ਪ੍ਰਦੇਸ਼ ਦੇ ਕੋਲਾਰਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਮਹੇਂਦਰ ਸਿੰਘ ਯਾਦਵ ਨੇ ਹਾਕਮ ਭਾਜਪਾ ਦੇ ਦਵੇਂਦਰ ਜੈਨ ਨੂੰ 8083 ਵੋਟਾਂ ਨਾਲ ਹਰਾ ਦਿੱਤਾ। ਮੁੰਗਾਉਲੀ ਤੋਂ ਵੀ ਕਾਂਗਰਸ ਦਾ ਬ੍ਰਜੇਂਦਰ ਸਿੰਘ ਯਾਦਵ, ਭਾਜਪਾ ਦੇ ਭਾਈਸਾਹਿਬ ਯਾਦਵ ਨੂੰ 2124 ਵੋਟਾਂ ਨਾਲ ਹਰਾ ਕੇ ਜੇਤੂ ਰਿਹਾ।

ਚੋਣ ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਨੂੰ 70808 ਤੇ ਭਾਜਪਾ ਨੂੰ 68684 ਵੋਟਾਂ ਮਿਲੀਆਂ। ਮੰਗਾਉਲੀ ਤੋਂ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦਾ ਫ਼ਰਕ 20 ਹਜ਼ਾਰ ਵੋਟਾਂ ਤੋਂ ਵੱਧ ਰਿਹਾ ਸੀ। ਇਹ ਸੀਟ ਕਾਂਗਰਸ ਦੇ ਮਹੇਂਦਰ ਸਿੰਘ ਕਾਲੂਖੇੜਾ ਦੀ ਮੌਤ ਕਾਰਨ ਖ਼ਾਲੀ ਹੋਈ ਸੀ।