ਨਵੀਂ ਦਿੱਲੀ: ਪੁਲਿਸ ਨੇ ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾਂ ਰੱਖਣ ਦੇ ਦੋਸ਼ ਤਹਿਤ ਹੀ ਆਦਿਵਾਸੀ ਪਿਉ-ਪੁੱਤਰ ਖਿਲਾਫ ਦੇਸ਼ਧ੍ਰੋਹ ਤੇ ਯੂਏਪੀਏ ਤਹਿਤ ਅਤਿਵਾਦ ਫੈਲਾਉਣ ਦਾ ਕੇਸ ਦਰਜ ਕਰ ਦਿੱਤਾ। ਇਹ ਮਾਮਲਾ 2012 ਦਾ ਹੈ ਜਿਸ ਬਾਰੇ ਹੁਣ ਅਦਾਲਤ ਦਾ ਫੈਸਲਾ ਆਇਆ ਹੈ। ਅਦਾਲਤ ਨੇ ਪਿਉ-ਪੁੱਤਰ ਨੂੰ ਬਰੀ ਕਰਦਿਆਂ ਕਿਹਾ ਹੈ ਕਿ ਕਿਸੇ ਕੋਲੋਂ ਸਾਹਿਤ ਦੀ ਬਰਾਮਦਗੀ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਵਿਅਕਤੀ ਪਾਬੰਦੀਸ਼ੁਦਾ ਜਥੇਬੰਦੀ ਨਾਲ ਜੁੜਿਆ ਹੋਇਆ ਹੈ। ਕਰਨਾਟਕ ਦੀ ਜ਼ਿਲ੍ਹਾ ਅਦਾਲਤ ਨੇ 2012 ’ਚ ਗ੍ਰਿਫ਼ਤਾਰ ਕੀਤੇ ਗਏ ਆਦਿਵਾਸੀ ਪਿਉ-ਪੁੱਤਰ ਨੂੰ ਬਰੀ ਕਰਦਿਆਂ ਕਿਹਾ ਕਿ ਭਗਤ ਸਿੰਘ ਦੀਆਂ ਕਿਤਾਬਾਂ ਰੱਖਣਾ ਤੇ ਅਖ਼ਬਾਰਾਂ ਪੜ੍ਹਨ ’ਤੇ ਕਾਨੂੰਨ ਤਹਿਤ ਕੋਈ ਪਾਬੰਦੀ ਨਹੀਂ।
ਦੱਸ ਦਈਏ ਕਿ ਲਿੰਗੱਪਾ ਮਾਲਕੁੜੀਆ ਤੇ ਉਸ ਦੇ ਪੁੱਤਰ ਵਿੱਠਲ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਓਵਾਦੀ) ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਤੇ ਯੂਏਪੀਏ ਤਹਿਤ ਅਤਿਵਾਦ ਫੈਲਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਪੱਤਰਕਾਰੀ ਦੇ ਵਿਦਿਆਰਥੀ ਵਿੱਠਲ ਦੇ ਹੋਸਟਲ ਦੇ ਕਮਰੇ ’ਚੋਂ ਮਿਲੀਆਂ ਕਿਤਾਬਾਂ ਦੇ ਆਧਾਰ ’ਤੇ ਉਨ੍ਹਾਂ ਦੇ ਸਬੰਧ ਮਾਓਵਾਦੀਆਂ ਨਾਲ ਹੋਣ ਦੇ ਦੋਸ਼ ਲਾਏ ਗਏ ਸਨ।
ਪੁਲਿਸ ਨੇ ਉਸ ਕੋਲੋਂ ‘ਇਤਰਾਜ਼ਯੋਗ ਸਾਹਿਤ’ ਮਿਲਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਇਸ ਸਮੱਗਰੀ ’ਚ ਸ਼ਹੀਦ ਭਗਤ ਸਿੰਘ ਦੀ ਕਿਤਾਬ, ਪਿੰਡ ’ਚ ਬੁਨਿਆਦੀ ਸਹੂਲਤਾਂ ਪਹੁੰਚਣ ਤੱਕ ਸੰਸਦੀ ਚੋਣਾਂ ਦਾ ਬਾਈਕਾਟ ਕਰਨ ਸਬੰਧੀ ਚਿੱਠੀ ਤੇ ਅਖ਼ਬਾਰ ਦੇ ਲੇਖ ਦੀਆਂ ਕਤਰਨਾਂ ਸ਼ਾਮਲ ਹਨ। ਅਦਾਲਤ ਨੇ ਕਿਹਾ ਕਿ ਪੁਲਿਸ ਪਿਉ-ਪੁੱਤਰ ਦੇ ਨਕਸਲੀਆਂ ਨਾਲ ਕੋਈ ਸਬੰਧ ਦਰਸਾਉਣ ’ਚ ਨਾਕਾਮ ਰਹੀ। ਇਸ ਤੋਂ ਇਲਾਵਾ ਕਿਸੇ ਵੀ ਗਵਾਹ ਨੇ ਇਹ ਨਹੀਂ ਆਖਿਆ ਕਿ ਦੋਹਾਂ ਨੇ ਦੇਸ਼ਧ੍ਰੋਹ ਜਿਹਾ ਕੋਈ ਵੱਡਾ ਕਦਮ ਉਠਾਇਆ ਹੈ।
ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਨਫ਼ਰਤ ਫੈਲਾਉਣ ਜਾਂ ਸਰਕਾਰ ਖ਼ਿਲਾਫ਼ ਅਸਹਿਮਤੀ ਦੀਆਂ ਸੁਰਾਂ ਭੜਕਾਉਣ ਸਬੰਧੀ ਕੋਈ ਰਿਕਾਰਡ ਵੀ ਨਹੀਂ ਮਿਲਿਆ। ਪਿਉ-ਪੁੱਤਰ ਨੂੰ 3 ਮਾਰਚ, 2012 ’ਚ ਘਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਸੂਹ ਦਿੱਤੀ ਸੀ ਕਿ ਦੋਵੇਂ ਜਣੇ ਪੰਜ ਲੋੜੀਂਦੇ ਨਕਸਲੀਆਂ ਦੀ ਸਹਾਇਤਾ ਕਰ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਐਫਆਈਆਰ ’ਚ ਨਾਮਜ਼ਦ ਪੰਜ ਨਕਸਲੀਆਂ ਨੂੰ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਕੇਸ ’ਚੋਂ ਬਰੀ ਹੋਣ ਮਗਰੋਂ ਵਿੱਠਲ ਨੇ ਕਿਹਾ ਕਿ ਉਸ ਨੇ ਪਿਤਾ ਨਾਲ 9 ਸਾਲ ਸੰਘਰਸ਼ ਕੀਤਾ ਤੇ ਅਖੀਰ ਉਹ ਬੇਕਸੂਰ ਸਾਬਤ ਹੋਏ। ਗ੍ਰਿਫ਼ਤਾਰੀ ਦੇ ਕਰੀਬ ਚਾਰ ਮਹੀਨਿਆਂ ਮਗਰੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਕਿਉਂਕਿ ਪੁਲਿਸ 90 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਖ਼ਲ ਨਹੀਂ ਕਰ ਸਕੀ ਸੀ। ਪੱਤਰਕਾਰੀ ਦਾ ਕੋਰਸ 2016 ’ਚ ਮੁਕੰਮਲ ਹੋਣ ਮਗਰੋਂ ਵਿੱਠਲ 2018 ’ਚ ਕੰਨੜ ਦੈਨਿਕ ’ਚ ਕੰਮ ਕਰਨ ਲੱਗ ਪਿਆ ਸੀ।