ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਅਗ਼ਵਾ ਕੀਤੇ ਪੁਲਿਸ ਕਰਮੀਆਂ ਦੇ ਰਿਸ਼ਤੇਦਾਰਾਂ ਨੂੰ ਕੱਲ੍ਹ ਰਾਤ ਰਿਹਾਅ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਅੱਤਵਾਦੀਆਂ ਨੇ ਪੁਲਿਸ ਕਰਮੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣ ਤੇ ਅਜਿਹਾ ਨਾ ਕਰਨ ਦੀ ਹਾਲਤ 'ਚ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।


ਅੱਤਵਾਦੀਆਂ ਦੀ ਧਮਕੀ ਤੋਂ ਬਾਅਦ ਤ੍ਰਾਲ 'ਚ ਤਿੰਨ ਐਸਪੀਓ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦਰਮਿਆਨ ਪੁਲਿਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਦੇ ਕਮਾਂਡਰ ਰਿਆਜ ਨਾਇਕੂ ਦੇ ਪਿਤਾ ਨੂੰ ਵੀ ਰਿਹਾਅ ਕਰ ਦਿੱਤਾ ਹੈ। ਪੁਲਿਸ ਨੇ ਉਸਨੂੰ ਤਿੰਨ ਦਿਨ ਦਿਨ ਪਹਿਲਾਂ ਪੁਲਵਾਮਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਨਾਇਕੂ ਨੇ ਪੁਲਿਸ ਕਰਮੀਆਂ ਦੇ ਰਿਸ਼ਤੇਦਾਰਾਂ ਨੂੰ ਅਗਵਾ ਕੀਤਾ ਸੀ। ਉਸ ਨੇ ਕਿਹਾ ਕਿ ਪੁਲਿਸ ਨੇ ਉਸਦੇ ਗੈਰ-ਅੱਤਵਾਦੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਪਰਿਵਾਰਾਂ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਸੀ।


ਉਸ ਨੇ ਪੁਲਿਸ ਕਰਮੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਨੌਕਰੀਆਂ ਛੱਡ ਦੇਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ। ਮੰਨਿਆ ਜਾ ਰਿਹਾ ਕਿ ਅੱਤਵਾਦੀ ਆਪਣੇ ਪਿਤਾ ਦੀ ਗ੍ਰਿਫਤਾਰੀ ਤੋਂ ਬਾਅਦ ਭੜਕਿਆ ਹੋਇਆ ਸੀ ਤੇ ਉਸਨੇ ਪੁਲਿਸ ਤੇ ਦਬਾਅ ਬਣਾਉਣ ਲਈ ਪੁਲਿਸ ਕਰਮੀਆਂ ਦੇ ਰਿਸ਼ਤੇਦਾਰਾਂ ਨੂੰ ਅਗਵਾ ਕੀਤਾ ਸੀ।