ਚੰਡੀਗੜ੍ਹ: ਦੇਸ਼ ਦੀ ਆਰਥਿਕ ਵਿਕਾਸ ਦਰ ਚ ਸ਼ਾਨਦਾਰ ਵਾਧੇ ਦੇ ਨਾਲ 2018 ਦੀ ਪਹਿਲੀ ਤਿਮਾਹੀ 'ਚ 8.2 ਫੀਸਦੀ ਰਹੀ ਹੈ। ਪਿਛਲੀਆਂ ਪੰਦਰਾਂ ਤਿਮਾਹੀਆਂ ਦੇ ਮੁਕਾਬਲੇ ਵਿੱਤੀ ਵਰ੍ਹੇ 2018-19 ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) 'ਚ ਵਿਕਾਸ ਦਰ ਸਭ ਤੋਂ ਵੱਧ ਰਹੀ ਹੈ। ਸਾਲ 2017 'ਚ ਆਖਰੀ ਤਿਮਾਹੀ ਯਾਨੀ ਜਨਵਰੀ-ਮਾਰਚ ਵਿਚ ਵਿਕਾਸ ਦਰ 7.7 ਫੀਸਦੀ ਰਹੀ ਸੀ।


ਇਸ ਸਮਾਂ ਸੀਮਾ ਵਿੱਚ ਚੀਨ ਦੀ ਵਿਕਾਸ ਦਰ 6.7 ਫੀਸਦੀ ਰਹੀ ਹੈ। ਇਸ ਤਰ੍ਹਾਂ ਭਾਰਤ ਦੀ ਵਿਕਾਸ ਦਰ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਉਭਰ ਰਹੀ ਆਰਥਿਕਤਾ ਦੀ ਗਵਾਹੀ ਭਰਦੀ ਹੈ। ਜ਼ਿਕਰਯੋਗ ਹੈ ਕਿ ਸਾਲ 2017-18 ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਵਿਕਾਸ ਦਰ 5.7 ਫੀਸਦੀ ਰਹੀ ਸੀ ਜਦਕਿ ਮੌਜੂਦਾ 2018-19 ਦੀ ਪਹਿਲੀ ਤਿਮਾਹੀ ਦੀ ਵਿਕਾਸ ਦਰ ਪਿਛਲੇ ਦੋ ਸਾਲਾਂ ਦੇ ਸਭ ਤੋਂ ਉੱਪਰਲੇ ਪੱਧਰ 'ਤੇ 8.2 ਫੀਸਦੀ ਦਰਜ ਕੀਤੀ ਹੈ।


ਕੇਂਦਰੀ ਅੰਕੜਾ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੁੱਲ ਘਰੇਲੂ ਉਤਪਾਦਨ 2018-19 ਵਿੱਚ 33.74 ਲੱਖ ਕਰੋੜ ਰੁਪਏ ਰਿਹਾ ਹੈ ਜਦੋਂ ਕਿ ਸਾਲ 2017-18 ਵਿੱਚ ਕੁੱਲ ਘਰੇਲੂ ਉਤਪਾਦਨ 31.18 ਲੱਖ ਕਰੋੜ ਰੁਪਏ ਸੀ। ਇਹ ਵਾਧਾ 8.2 ਫੀਸਦੀ ਬਣਦਾ ਹੈ।


ਜ਼ਿਕਰਯੋਗ ਹੈ ਕਿ ਆਰਬੀਆਈ ਨੇ ਆਪਣੀ 2017 ਦੀ ਸਾਲਾਨਾ ਰਿਪੋਰਟ 'ਚ ਚਾਲੂ ਵਿੱਤੀ ਵਰ੍ਹੇ ਲਈ ਦੇਸ਼ ਦੀ ਵਿਕਾਸ ਦਰ 7.4 ਫੀਸਦੀ ਰਹਿਣ ਦੀ ਸੰਭਾਵਨਾ ਜਤਾਈ ਸੀ। ਰੁਪਏ ਦੀ ਡਿੱਗਦੀ ਕੀਮਤ ਤੇ ਵਿਸ਼ਵੀ ਟਰੇਡ ਵਾਰ ਦਾ ਭਾਰਤ 'ਤੇ ਥੋੜਾ ਅਸਰ ਪੈਣ ਦੇ ਅਨੁਮਾਨ ਦਰਮਿਆਨ 8.2 ਫੀਸਦੀ ਆਰਥਿਕ ਵਿਕਾਸ ਦਰ ਕਾਫੀ ਚੰਗੀ ਕਹੀ ਜਾ ਸਕਦੀ ਹੈ।