ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੱਦੇ 'ਤੇ ਅੱਜ ਦਿੱਲੀ ਪੁਲਿਸ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਮਾਰਕੁੱਟ ਮਾਮਲੇ ਸਬੰਧੀ ਪੁੱਛਗਿੱਛ ਕਰਨ ਕੇਜਰੀਵਾਲ ਦੇ ਘਰ ਪਹੁੰਚੀ। ਇਸ ਦੌਰਾਨ ਕੇਜਰੀਵਾਲ ਦੀ ਖਾਸ ਮੰਗ 'ਤੇ ਪੁਲਿਸ ਵੀਡੀਓ ਕੈਮਰਾ ਵੀ ਨਾਲ ਲੈ ਕੇ ਆਈ ਕਿਉਂਕਿ ਕੇਜਰੀਵਾਲ ਨੇ ਚਿੱਠੀ 'ਚ ਲਿਖਿਆ ਸੀ ਕਿ ਪੁੱਛਗੁੱਛ ਦੌਰਾਨ ਵੀਡੀਓ ਵੀ ਰਿਕਾਰਡ ਕੀਤੀ ਜਾਵੇ।


 

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ 20 ਫਰਵਰੀ ਨੂੰ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਮਾਨਤਉੱਲਾ ਖਾਨ ਤੇ ਪ੍ਰਕਾਸ਼ ਜਾਰਵਾਲਾ ਨੇ ਮੁੱਖ ਮੰਤਰੀ ਦਫਤਰ 'ਚ ਕੇਜਰੀਵਾਲ ਦੀ ਹਾਜ਼ਰੀ 'ਚ ਉਨ੍ਹਾਂ ਨਾਲ ਮਾਰਕੁੱਟ ਕੀਤੀ।

ਇਸ ਮਾਮਲੇ 'ਚ ਵਿਧਾਇਕ ਅਮਾਨਤਉੱਲਾ ਖਾਨ ਤੇ ਪ੍ਰਕਾਸ਼ ਜਾਰਵਾਲਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਹਾਲਾਕਿ ਬਾਅਦ 'ਚ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਪੁਲਿਸ ਹੁਣ ਤੱਕ ਇਸ ਮਾਮਲੇ ਚ ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਤੋਂ ਪੁੱਛਗਿਛ ਕਰ ਚੁੱਕੀ ਹੈ।