ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ’ਚ ਭਾਜਪਾ ਸਰਕਾਰ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (JJP) ’ਚੋਂ ਵੀ ਬਗਾਵਤ ਦੀ ਆਵਾਜ਼ ਉੱਠਣ ਲੱਗੀ ਹੈ। ਇਸ ਪਾਰਟੀ ਦੇ ਵਿਧਾਇਕ ਕਿਸਾਨਾਂ ਦੀ ਹਮਾਇਤ ਵਿੱਚ ਨਿੱਤਰਨ ਲੱਗੇ ਹਨ। ਉੱਧਰ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇਸ ਮਾਮਲੇ ’ਚ ਹਾਲੇ ਤੱਕ ਚੁੱਪ ਵੱਟੀ ਹੋਈ ਹੈ। ਜੇਜੇਪੀ ਦੇ ਆਗੂਆਂ ਦੇ ਕਿਸਾਨਾਂ ਦੀ ਹਮਾਇਤ ਵਿੱਚ ਆਉਣ ਨਾਲ ਹਰਿਆਣਾ ਦੀ ਭਾਜਪਾ ਸਰਕਾਰ ਲਈ ਔਕੜਾਂ ਵਧ ਸਕਦੀਆਂ ਹਨ।
ਦਰਅਸਲ, ਬੀਤੇ ਐਤਵਾਰ ਨੂੰ ਜੇਜੇਪੀ ਦੇ ਵਿਧਾਇਕ ਰਾਮ ਕੁਮਾਰ ਗੌਤਮ ਨੇ ਰਾਜ ਸਰਕਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਜੇਜੇਪੀ ਦੇ ਹੀ ਵਿਧਾਇਕ ਅਮਰਜੀਤ ਢਾਂਡਾ ਵੀ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਢਾਂਡਾ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ। ਉਨ੍ਹਾਂ ਕੇਂਦਰੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਸੁਣੇ ਤੇ ਛੇਤੀ ਤੋਂ ਛੇਤੀ ਇਹ ਸਮੱਸਿਆ ਸੁਲਝਾਏ।
ਇਸ ਤੋਂ ਪਹਿਲਾਂ ਜੇਜੇਪੀ ਦੇ ਦੋ ਵਿਧਾਇਕ ਜੋਗੀ ਰਾਮ ਸਿਹਾਗ ਤੇ ਰਾਮ ਕਰਨ ਕਾਲਾ ਨੇ ਵੀ ਕਿਸਾਨਾਂ ਨੂੰ ਹਮਾਇਤ ਦਿੱਤੀ ਸੀ ਤੇ ਹਰਿਆਣਾ ਵਿੱਚ ਇੱਕ ਪ੍ਰਦਰਸ਼ਨ ’ਚ ਹਿੱਸਾ ਲਿਆ ਸੀ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ’ਚ ਭਾਜਪਾ ਦੇ 40 ਤੇ ਜੇਜੇਪੀ ਦੇ 10 ਵਿਧਾਇਕ ਹਨ। ਇਸ ਤੋਂ ਇਲਾਵਾ ਕਾਂਗਰਸ ਦੇ 31 ਵਿਧਾਇਕ ਹਨ।
ਦਰਅਸਲ, ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੱਜ ਲਗਾਤਾਰ 12ਵੇਂ ਦਿਨ ਅੰਦੋਲਨ ਕਰ ਰਹੇ ਹਨ। ਸਰਕਾਰ ਤੇ ਕਿਸਾਨਾਂ ਵਿਚਾਲੇ ਹੁਣ ਤੱਕ ਪੰਜ ਬੇਨਤੀਜਾ ਬੈਠਕਾਂ ਹੋ ਚੁੱਕੀਆਂ ਹਨ। ਕਿਸਾਨਾਂ ਨੇ ਸਰਕਾਰ ਉੱਤੇ ਦਬਾਅ ਬਣਾਉਣ ਲਈ ਭਲਕੇ ਅੱਠ ਦਸੰਬਰ ਨੂੰ ‘ਭਾਰਤ ਬੰਦ’ ਦਾ ਐਲਾਨ ਕੀਤਾ ਹੈ।