ਨਵੀਂ ਦਿੱਲੀ: ਫ਼ਾਈਜ਼ਰ ਤੋਂ ਬਾਅਦ ਹੁਣ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਵੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੀ ਹੈ। ਇਸ ਕਦਮ ਨਾਲ ਹੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇਸ਼ ਦੀ ਪਹਿਲੀ ਦੇਸੀ ਕੰਪਨੀ ਬਣ ਗਈ ਹੈ। ਸੂਤਰਾਂ ਅਨੁਸਾਰ ਸੀਰਮ ਨੇ ਭਾਰਤੀ ਦਵਾਈਆਂ ਦੇ ਕੰਟਰੋਲਰ ਜਨਰਲ ਤੋਂ ਆਪਣੀ ਕੋਰੋਨਾ ਵੈਕਸੀਨ ‘ਕੋਵੀਸ਼ੀਲਡ’ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੀ ਹੈ।

ਇੱਥੇ ਦੱਸ ਦੇਈਏ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਆਕਸਫ਼ੋਰਡ ਐਸਟ੍ਰਾਜੈਨੇਕਾ ਵੱਲੋਂ ਵਿਕਸਤ ਵੈਕਸੀਨ ‘ਕੋਵੀਸ਼ੀਲਡ’ ਦਾ ਭਾਰਤ ਵਿੱਚ ਪ੍ਰੀਖਣ ਤੇ ਉਤਪਾਦਨ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਵੈਕਸੀਨ ਦੀ ਹੰਗਾਮੀ ਵਰਤੋਂ ਲਈ ਸੀਰਮ ਨੇ ਮਹਾਮਾਰੀ ਦੌਰਾਨ ਤੁਰੰਤ ਮੈਡੀਕਲ ਜ਼ਰੂਰਤਾਂ ਤੇ ਵੱਡੇ ਪੱਧਰ ਉੱਤੇ ਜਨਤਾ ਦੇ ਹਿੱਤਾਂ ਦਾ ਹਵਾਲਾ ਦਿੱਤਾ ਹੈ।

ਕੰਪਨੀ ਨੇ ਕਲੀਨੀਕਲ ਪ੍ਰੀਖਣ ਦੇ ਚਾਰ ਡਾਟਾ ’ਚ ਦੱਸਿਆ ਹੈ ਕਿ ਕੋਵੀਸ਼ੀਲਡ ਵੈਕਸੀਨ ਕੋਰੋਨਾ ਦੇ ਲੱਛਣਾਂ ਵਾਲੇ ਮਰੀਜ਼ਾਂ ਤੇ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਮਾਮਲੇ ’ਚ ਬਹੁਤ ਅਸਰਦਾਇਕ ਹੈ। ਹਾਲੇ ਇੱਕ ਦਿਨ ਪਹਿਲਾਂ ਹੀ ਅਮਰੀਕੀ ਦਵਾ ਕੰਪਨੀ ‘ਫ਼ਾਈਜ਼ਰ’ ਨੇ ਵੀ ਭਾਰਤ ਦਵਾ ਕੰਟਰੋਲਰ ਜਨਰਲ ਤੋਂ ਦੇਸ਼ ਵਿੱਚ ਵੈਕਸੀਨ ਦੀ ਦਰਾਮਦ ਤੇ ਵੰਡ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਦਿਆਂ ਇਸ ਦੀ ਐਮਰਜੈਂਸੀ ਵਰਤੋਂ ਦੀ ਜ਼ਰੂਰਤ ਬਾਰੇ ਕਿਹਾ ਸੀ।

ਹਾਲ ਹੀ ਵਿੱਚ ਸੀਆਈਆਈ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਕੋਰੋਨਾ ਵੈਕਸੀਨ ‘ਕੋਵੀਸ਼ੀਲਡ’ ਪ੍ਰੀਖਣ ਵਿੱਚ 90 ਫ਼ੀ ਸਦੀ ਤੱਕ ਅਸਰਦਾਰ ਸਿੱਧ ਹੋਈ ਹੈ ਤੇ ਇਹ ਛੇਤੀ ਹੀ ਸਾਰਿਆਂ ਲਈ ਉਪਲਬਧ ਹੋਵੇਗੀ। ਇਸ ਦੇ ਬਜ਼ੁਰਗਾਂ ਲਈ ਬਹੁਤ ਫ਼ਾਇਦੇਮੰਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਐਸਟ੍ਰਾਜੈਨੇਕਾ ਨਾਲ 10 ਕਰੋੜ ਡੋਜ਼ ਦਾ ਸਮਝੌਤਾ ਕੀਤਾ ਗਿਆ ਹੈ।