ਪਣਜੀ: ਗੋਆ ਵਿਧਾਨ ਸਭਾ ਦੇ ਪ੍ਰਧਾਨ ਪ੍ਰਮੋਦ ਪਾਂਡੁਰੰਗ ਸਾਵੰਤ ਸੂਬੇ ਵਿੱਚ ਬੀਜੇਪੀ-ਨੀਤ ਗਠਜੋੜ ਸਰਕਾਰ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ ਦੇਰ ਰਾਤ ਉਹ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੂੰ ਰਾਜਪਾਲ ਮ੍ਰਿਦਲਾ ਸਿਨ੍ਹਾ ਵੱਲੋਂ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁਕਵਾਈ ਜਾਏਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਆ ਫਾਰਵਰਡ ਪਾਰਟੀ ਦੇ ਵਿਜੈ ਸਰਦੇਸਾਈ ਤੇ ਐਮਜੀਪੀ ਦੇ ਸੁਦੀਨ ਧਾਵਲੀਕਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਵਿਧਾਨ ਸਭਾ ਮੀਤ ਪ੍ਰਧਾਨ ਮਾਈਕਲ ਲੋਬੋ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਮੋਦ ਸਾਵੰਤ ਤੋਂ ਇਲਾਵਾ ਸੂਬੇ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਦਾ ਨਾਂ ਵੀ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰਾਂ ਲਈ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਗੋਆ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਗੇ।
ਦੱਸ ਦੇਈਏ ਕਿ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਬੀਜੇਪੀ ਵਿਧਾਇਕਾਂ ਤੇ ਸਹਿਯੋਗੀਆਂ ਵਿੱਚ ਨਵਾਂ ਮੁੱਖ ਮੰਤਰੀ ਚੁਣਨ ਸਬੰਧੀ ਚਰਚਾ ਚੱਲ ਰਹੀ ਸੀ। ਚਰਚਾ ਦੀ ਅਗਵਾਈ ਕਰਨ ਤੇ ਮੁੱਖ ਮੰਤਰੀ ਦੇ ਨਾਂ ’ਤੇ ਸਹਿਮਤੀ ਬਣਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਗੋਆ ਪੁੱਜੇ ਸਨ।