ਨਵੀਂ ਦਿੱਲੀ: ਜਨਤਾ ਦਲ ਯੂਨਾਈਟਿਡ ਦੇ ਮੀਤ ਪ੍ਰਧਾਨ ਤੇ ਸਿਆਸੀ ਮੁਹਿੰਮਾਂ ਦੇ ਸ਼ਾਹ ਅਸਵਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਸਾਲ 2014 ਵਰਗਾ ਮਾਹੌਲ ਨਹੀਂ ਬਣ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਜਿੱਤਣ ਦੀਆਂ ਸੰਭਾਵਨਾਵਾਂ ਸਭ ਤੋਂ ਜ਼ਿਆਦਾ ਹਨ, ਪਰ ਡਿਜੀਟਲ ਦੁਨੀਆ ਨੇ ਸਭ ਕੁਝ ਬਦਲ ਦਿੱਤਾ ਹੈ।

ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੰਟਰਵਿਊ ਵਿੱਚ ਕਿਸ਼ੋਰ ਨੇ ਕਿਹਾ ਹੈ ਕਿ ਡਿਜੀਟਲ ਦੁਨੀਆ ਨੇ ਸਭ ਕੁਝ ਬਦਲ ਦਿੱਤਾ ਹੈ। ਹੁਣ ਲੋਕਾਂ ਨੂੰ ਸੁਫ਼ਨੇ ਨਹੀਂ ਵੇਚੇ ਜਾ ਸਕਦੇ। ਇਸੇ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਕੋਈ ਵੀ ਲਹਿਰ ਨਹੀਂ ਬਣ ਸਕੇਗੀ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 272 ਤੋਂ ਵੱਧ ਸੀਟਾਂ ਮਿਲਣੀਆਂ ਬਹੁਤ ਮੁਸ਼ਕਲ ਹਨ।

ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਹੈ ਕਿ ਸਾਡੇ ਦੇਸ਼ ਵਿੱਚ 70% ਲੋਕ ਰੋਜ਼ਾਨਾ 100 ਰੁਪਏ ਤੋਂ ਘੱਟ ਕਮਾਉਂਦੇ ਹਨ ਤੇ ਉਨ੍ਹਾਂ ਦੇ ਦਿਮਾਗ ਨੂੰ ਪੜ੍ਹਨਾ ਬੇਹੱਦ ਮੁਸ਼ਕਲ ਹੈ। ਕਿਸ਼ੋਰ ਮੁਤਾਬਕ ਲੀਡਰ ਜੋ ਕਹਿੰਦੇ ਹਨ, ਲੋਕ ਉਸ ਨੂੰ ਹਮੇਸ਼ਾ ਸੱਚ ਨਹੀਂ ਮੰਨ ਸਕਦੇ। ਇਹੋ ਕਾਰਨ ਹੈ ਕਿ ਚੋਣਾਂ ਦੇ ਨਤੀਜੇ ਕਈ ਵਾਰ ਹੈਰਾਨੀਜਨਕ ਹੁੰਦੇ ਹਨ।

ਕੇਂਦਰ ਵਿੱਚ ਮੋਦੀ ਤੇ ਪੰਜਾਬ ਵਿੱਚ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਸੱਤਾ ਦੀ ਕੁੰਜੀ ਖੋਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਫੜਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੀ ਖੇਤਰੀ ਪਾਰਟੀ ਨਾਲ ਜੁੜਨ ਪਿੱਛੇ ਕਾਰਨ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਉਹ ਨਿਤਿਸ਼ ਕੁਮਾਰ ਦੇ ਕੰਮ ਨੂੰ ਪਸੰਦ ਕਰਦੇ ਹਨ ਤੇ ਪਾਰਟੀ ਦੀ ਵਿਚਾਰਧਾਰਾ ਨਾਲ ਖ਼ੁਦ ਨੂੰ ਜੁੜਿਆ ਮਹਿਸੂਸ ਕਰ ਰਹੇ ਹਨ।