ਨਵੀਂ ਦਿੱਲੀ: ਰੁਝੇਵਿਆਂ ਭਰੀ ਜ਼ਿੰਦਗੀ ਦਰਮਿਆਨ ਆਨਲਾਈਨ ਮੈਟ੍ਰੀਮੋਨੀਅਲ ਵੈੱਬਸਾਈਟਸ 'ਤੇ ਜੀਵਨ ਸਾਥੀ ਲੱਭਣ ਦੀ ਰਫ਼ਤਾਰ ਵੀ ਵਧੀ ਹੈ। ਖ਼ਾਸ ਗੱਲ ਇਹ ਹੈ ਕਿ ਔਰਤਾਂ ਦੀ ਤੁਲਨਾ ਵਿੱਚ ਦੁੱਗਣੇ ਪੁਰਸ਼ ਆਨਲਾਈਨ ਆਪਣਾ ਹਮਸਫ਼ਰ ਲੱਭ ਰਹੇ ਹਨ। ਆਨਲਾਈਨ ਮੈਟ੍ਰੀਮੋਨੀਅਲ ਵੈੱਬਸਾਈਟਸ 'ਤੇ ਜਿੱਥੇ 31% ਔਰਤਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ ਜਦਕਿ ਪੁਰਸ਼ਾਂ ਦੀ ਗਿਣਤੀ 69% ਹੈ।


ਇਸ ਸਮੇਂ ਪੈਸੇ ਵਾਲੇ ਲੋਕ, ਆਈਟੀ ਤੇ ਇੰਜਨੀਅਰਿੰਗ ਖੇਤਰ ਦੇ ਨੌਜਵਾਨ ਸਭ ਤੋਂ ਵੱਧ ਆਨਲਾਈਨ ਰਿਸ਼ਤੇ ਲੱਭ ਰਹੇ ਹਨ। ਇਸ ਦੇ ਨਾਲ ਹੀ ਜੋ ਲੋਕ ਦੂਜਾ ਵਿਆਹ ਕਰਵਾਉਣ ਦੀ ਝਾਕ ਵਿੱਚ ਹਨ, ਉਹ ਵੀ ਆਨਲਾਈਨ ਸਾਕ ਟੋਲ ਰਹੇ ਹਨ। ਆਮ ਧਾਰਨਾ ਦੇ ਉਲਟ ਅੱਜ-ਕੱਲ੍ਹ ਵਿਆਹ ਕਰਵਾਉਣ ਲਈ 35% ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਛੋਟੇ ਸ਼ਹਿਰਾਂ ਤੇ ਪਿੰਡਾਂ ਤੋਂ ਹੋ ਰਹੀਆਂ ਹਨ।

ਇਸ ਸਮੇਂ ਦਿਸ਼ ਵਿੱਚ ਹਰ ਸਾਲ ਤਕਰੀਬਨ ਇੱਕ ਕਰੋੜ ਵਿਆਹ ਹੁੰਦੇ ਹਨ ਤੇ ਇਸ ਵਿੱਚ 10% ਵਿਆਹ ਆਨਲਾਈਨ ਰਿਸ਼ਤੇ ਵਾਲਿਆਂ ਦੇ ਹੁੰਦੇ ਹਨ। ਅਗਲੇ ਦੋ ਸਾਲਾਂ ਵਿੱਚ ਦੇਸ਼ ਵਿੱਚ ਮੈਟ੍ਰੀਮੋਨੀਅਨਲ ਸਾਈਟਸ 'ਤੇ ਰਜਿਸਟ੍ਰੇਸ਼ਨ ਤਕਰੀਬਨ 60% ਸਾਲਾਨਾ ਦਰ ਨਾਲ ਵਧਣ ਦਾ ਅਨੁਮਾਨ ਹੈ। ਜਿੱਥੇ ਦੇਸ਼ ਦੀ ਵੈਡਿੰਗ ਇੰਡਸਟਰੀ ਇੱਕ ਲੱਖ ਕਰੋੜ ਰੁਪਏ ਦੀ ਹੈ, ਉੱਥੇ ਸਾਲ 2017-18 ਤਕ ਆਨਲਾਈਨ ਮੈਟ੍ਰੀਮੋਨੀਅਲ ਸਰਚ ਬਾਜ਼ਾਰ ਤਕਰੀਬਨ 2,400 ਕਰੋੜ ਰੁਪਏ ਦਾ ਸੀ ਪਰ ਸਾਲ 2020 ਤਕ ਇਸ ਦੇ 6,000 ਕਰੋੜ ਰੁਪਏ ਤਕ ਵਧਣ ਦੀ ਆਸ ਹੈ।

ਸ਼ਾਦੀ ਡਾਟ ਕਾਮ ਵੱਲੋਂ ਅਪ੍ਰੈਲ 2018 ਵਿੱਚ ਕਰਵਾਏ ਗਏ ਸਰਵੇਖਣ ਮੁਤਾਬਕ 20 ਤੋਂ 35 ਸਾਲ ਦੇ ਸਿਰਫ਼ ਇੱਕ ਚੌਥਾਈ ਨੌਜਵਾਨਾਂ ਦੇ ਮਾਪੇ ਉਨ੍ਹਾਂ ਲਈ ਆਨਲਾਈਨ ਰਿਸ਼ਤਾ ਲੱਭਦੇ ਹਨ ਜਦਕਿ ਬਾਕੀ ਤਿੰਨ ਚੌਥਾਈ ਨੌਜਵਾਨ ਖ਼ੁਦ ਮੈਟ੍ਰੀਮੋਨੀਅਲ ਵੈੱਬਸਾਈਟ 'ਤੇ ਰਿਸ਼ਤਾ ਤਲਾਸ਼ਦੇ ਹਨ। ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਦੇਸ਼ਾਂ ਵਿੱਚ ਵੱਸੇ ਲੋਕ ਵੀ ਸਾਕ ਲੱਭਣ ਲਈ ਇਨ੍ਹਾਂ ਵੈੱਬਸਾਈਟਸ ਦਾ ਸਹਾਰਾ ਲੈਂਦੇ ਹਨ।